ਜਸਵੰਤ ਜੱਸ
ਫ਼ਰੀਦਕੋਟ, 21 ਫਰਵਰੀ
ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਪਿੰਡ ਮਚਾਕੀ ਖੁਰਦ ਵਿੱਚ ਦੇਰ ਰਾਤ ਚੋਣ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਦੋ ਧੜਿਆਂ ਵਿੱਚ ਲੜਾਈ ਹੋ ਗਈ, ਜਿਸ ਵਿੱਚ ਲਖਵਿੰਦਰ ਸਿੰਘ ਨਾਂ ਦਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ। ਉਹ ਆਮ ਆਦਮੀ ਪਾਰਟੀ ਦਾ ਸਮਰਥਕ ਸੀ।
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਲਾਜ ਅਧੀਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਹੀ ਕਰੀਬ ਅੱਧੀ ਦਰਜਨ ਵਿਅਕਤੀਆਂ ਨੇ ਉਸ ਉੱਪਰ ਕਾਤਲਾਨਾ ਹਮਲਾ ਕਰ ਦਿੱਤਾ ਅਤੇ ਉਸ ਦਾ ਸਕੂਟਰ ਵੀ ਭੰਨ ਦਿੱਤਾ। ਲਖਵਿੰਦਰ ਸਿੰਘ ਬਚਾਅ ਲਈ ਭੱਜ ਕੇ ਆਪਣੇ ਘਰ ਅੰਦਰ ਗਿਆ ਪਰ ਹਮਲਾਵਰਾਂ ਨੇ ਘਰ ਅੰਦਰ ਦਾਖਲ ਹੋ ਕੇ ਵੀ ਲਖਵਿੰਦਰ ਸਿੰਘ ਦੀ ਕੁੱਟਮਾਰ ਕੀਤੀ। ਹਮਲੇ ਤੋਂ ਬਾਅਦ ਪਿੰਡ ਵਾਸੀਆਂ ਨੇ ਲਖਵਿੰਦਰ ਸਿੰਘ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ। ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਲਖਵਿੰਦਰ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਹਮਲਾਵਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਨੇ ਕਿਹਾ ਕਿ ਸ਼ਿਕਾਇਤ ਦੇ ਅਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਇਸੇ ਵਿਧਾਨ ਸਭਾ ਹਲਕੇ ਦੇ ਪਿੰਡ ਨੱਥਲਵਾਲਾ ਵਿੱਚ ਵੀ ਵੋਟਾਂ ਦੌਰਾਨ ਝਗੜਾ ਹੋਣ ਦੀ ਸੂਚਨਾ ਹੈ, ਜਿੱਥੇ ਵੋਟ ਪਾਉਣ ਤੋਂ ਬਾਅਦ ਪਿੰਡ ਦੀ ਇੱਕ ਔਰਤ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਅਜੇ ਤੱਕ ਕੋਈ ਪਰਚਾ ਦਰਜ ਨਹੀਂ ਕੀਤਾ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਪੰਚਾਇਤ ਨੇ ਪਿੰਡ ਪੱਧਰ ’ਤੇ ਨਬਿੇੜ ਦਿੱਤਾ, ਇਸ ਲਈ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਿੰਡ ਸੈਦੇਕੇ ਵਿੱਚ ਵੀ ਇੱਕ ਔਰਤ ਵੋਟਰ ਨਾਲ ਦੁਰਵਿਹਾਰ ਹੋਣ ਦੀ ਸੂਚਨਾ ਹੈ। ਥਾਣਾ ਸਾਦਿਕ ਦੇ ਐੱਸਐੱਚਓ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਉਤੇ ਕਾਬੂ ਪਾਇਆ। ਪਰ ਕਿਸੇ ਖਿਲਾਫ਼ ਅਜੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ।
ਅਕਾਲੀ ਵਰਕਰਾਂ ਵੱਲੋਂ ਸਰਕਲ ਪ੍ਰਧਾਨ ਦੇ ਪਤੀ ਦੀ ਕੁੱਟਮਾਰ
ਲੰਬੀ (ਇਕਬਾਲ ਸ਼ਾਂਤ): ਮਾਹੂਆਣਾ ਵਿਚਲੇ ਅਕਾਲੀ ਦਲ ਦੇ ਚੋਣ ਦਫ਼ਤਰ ਵਿਚ ਦੋ ਵਰਕਰਾਂ ਨੇ ਪਾਰਟੀ ਦੀ ਸਰਕਲ ਪ੍ਰਧਾਨ ਮਨਜਿੰਦਰ ਕੌਰ ਦੇ ਪਤੀ ਰਾਜ ਸਿੰਘ ਨੂੰ ਜਾਤੀਸੂਚਕ ਸ਼ਬਦ ਬੋਲੇ। ਇਸ ਦੌਰਾਨ ਵਰਕਰਾਂ ਨੇ ਰਾਜ ਸਿੰਘ ਦੀ ਕੁੱਟਮਾਰ ਕਰ ਕੇ ਉਸ ਦੀ ਪੱਗ ਵੀ ਲਾਹ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਬੀਤੀ ਸ਼ਾਮ ਸਾਢੇ ਪੰਜ ਵਜੇ ਦੀ ਹੈ। ਮਨਜਿੰਦਰ ਕੌਰ ਦਾ ਪਤੀ ਰਾਜ ਸਿੰਘ ਮਾਹੂਆਣਾ ਨਹਿਰੀ ਵਿਭਾਗ ’ਚ ਬੇਲਦਾਰ ਹੈ। ਬੀਤੀ ਸ਼ਾਮ ਉਹ ਵੋਟ ਪਾ ਕੇ ਬਾਹਰ ਆਇਆ ਤਾਂ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਨੂੰ ਪਿੰਡ ਵਿਚਲੇ ਅਕਾਲੀ ਦਲ ਦੇ ਚੋਣ ਦਫ਼ਤਰ ’ਚ ਸੱਦਿਆ ਗਿਆ ਹੈ। ਰਾਜ ਸਿੰਘ ਮੁਤਾਬਕ ਜਦੋਂ ਉਹ ਗੁਰੇਤਜ ਸਿੰਘ ਦੇ ਮਕਾਨ ’ਚ ਬਣੇ ਦਫ਼ਤਰ ਅੰਦਰ ਗਿਆ ਤਾਂ ਉਥੇ ਅੰਤਰਪ੍ਰੀਤ ਸਿੰਘ ਪੁੱਤਰ ਲਛਮਣ ਸਿੰਘ ਅਤੇ ਇੱਕ ਹੋਰ ਵਿਅਕਤੀ ਉਸ ਨਾਲ ਝਗੜਾ ਕਰਨ ਲੱਗ ਪਏ। ਰਾਜ ਸਿੰਘ ਨੇ ਦੋਸ਼ ਲਗਾਇਆ ਕਿ ਅੰਤਰਪ੍ਰੀਤ ਸਿੰਘ ਨੇ ਉਸ ਲਈ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਕੁੱਟਮਾਰ ਕਰ ਕੇ ਪੱਗ ਲਾਹ ਦਿੱਤੀ। ਬਾਅਦ ’ਚ ਮਨਜਿੰਦਰ ਕੌਰ ਅਤੇ ਹੋਰ ਲੋਕਾਂ ਨੇ ਉਸ ਨੂੰ ਛੁਡਵਾਇਆ। ਰਾਜ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਅਕਾਲੀ ਦਲ ਦੀ ਸਰਕਲ ਪ੍ਰਧਾਨ ਹੋਣ ਕਰ ਕੇ ਮੁਲਜ਼ਮ ਉਸ ਕੋਲੋਂ ਖਾਰ ਖਾਂਦੇ ਹਨ। ਇਸੇ ਕਰ ਕੇ ਉਸ ਦੀ ਬਿਨਾਂ ਕਾਰਨ ਬੇਇੱਜ਼ਤੀ ਅਤੇ ਕੁੱਟਮਾਰ ਕੀਤੀ ਗਈ। ਉਸ ਨੇ ਦੱਸਿਆ ਕਿ ਲਗਪਗ ਦੋ ਸਾਲ ਪਹਿਲਾਂ ਉਸ ਦੇ ਭਤੀਜੇ ਜਗਮੇਲ ਭੂਰੀ ’ਤੇ ਵੀ ਹਮਲਾ ਕਰਵਾਇਆ ਗਿਆ ਸੀ। ਰਾਜ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਵੱਡੀ ਗਿਣਤੀ ਲੋਕ ਅੱਜ ਲੰਬੀ ਥਾਣੇ ਪਹੁੰਚੇ ਅਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਅਕਾਲੀ ਵਰਕਰ ਅੰਤਰਪ੍ਰੀਤ ਸਿੰਘ ਨੇ ਦੋਸ਼ ਨਕਾਰਦਿਆਂ ਕਿਹਾ ਕਿ ਰਾਜ ਸਿੰਘ ਉਥੇ ਆ ਕੇ ਉਨ੍ਹਾਂ ਨੂੰ ਗਲਤ ਬੋਲਣ ਲੱਗਿਆ। ਇਸ ਦੌਰਾਨ ਉਹ ਉਸ ਦੇ ਤਾਇਆ ਬਲਵਿੰਦਰ ਸਿੰਘ ਦੇ ਕਹੀ ਵੀ ਮਾਰਨ ਲੱਗਿਆ ਸੀ। ਲੰਬੀ ਥਾਣੇ ਦੇ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਦੋ ਅਕਾਲੀ ਧਿਰਾਂ ’ਚ ਝਗੜੇ ਦੀ ਸ਼ਿਕਾਇਤ ਮਿਲੀ ਹੈ। ਪੜਤਾਲ ਕਰ ਕੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।