ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਜੂਨ
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਅੱਜ ਇਥੇ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫ਼ਤਰ ਦਾ ਘਿਰਾਓ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਦੋਂ ਪ੍ਰਦਰਸ਼ਨਕਾਰੀਆਂ ਨੇ ‘ਆਪ’ ਦੇ ਚੋਣ ਦਫ਼ਤਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਸ ਕਾਰਨ ਦੋਵੇਂ ਧਿਰਾਂ ਵਿਚਾਲੇ ਧੱਕਾ-ਮੁੱਕੀ ਹੋਈ। ਉਪਰੰਤ ਬੇਰੁਜ਼ਗਾਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ ਨਾਨਕਿਆਣਾ ਚੌਕ ’ਚ ਆਵਾਜਾਈ ਠੱਪ ਕੀਤੀ।
ਜਾਣਕਾਰੀ ਅਨੁਸਾਰ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਅੱਜ ਸੈਂਕੜੇ ਕਾਰਕੁਨ ਸਥਾਨਕ ਬੀਐੱਸਐੱਨਐੱਲ ਪਾਰਕ ਵਿੱਚ ਇਕੱਠੇ ਹੋਏ, ਜਿਥੋਂ ਰੋਸ ਰੈਲੀ ਕਰਦਿਆਂ ਉਹ ਨਾਨਕਿਆਣਾ ਚੌਕ ਸਥਿਤ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਕੋਲ ਪੁੱਜੇ। ਇਸ ਦੌਰਾਨ ਬੇਰਜ਼ਗਾਰਾਂ ਤੇ ਪੁਲੀਸ ਵਿਚਾਲੇ ਧੱਕਾ-ਮੁੱਕੀ ਹੋਈ।
ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ, ਨਿਰਮਲ ਜ਼ੀਰਾ, ਜਰਨੈਲ ਸੰਗਰੂਰ, ਰਾਜਵਿੰਦਰ ਗੁਰਦਾਸਪੁਰ ਤੇ ਹੋਰਨਾਂ ਨੇ ਮੰਗ ਕੀਤੀ ਕਿ ਸਰਕਾਰ ਉਮਰ ਹੱਦ ਪਾਰ ਕਰ ਚੁੱਕੇ ਉਮੀਦਵਾਰਾਂ ਨੂੰ ਛੋਟ ਦੇਵੇ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਯੂਨੀਅਨ ਦੀ ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸਕੱਤਰ ਨਵਰਾਜ ਸਿੰਘ ਨਾਲ 28 ਜੂਨ ਨੂੰ ਮੀਟਿੰਗ ਤੈਅ ਕਰਵਾਈ, ਜਿਸ ਮਗਰੋਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਧਰਨਾ ਚੁੱਕ ਲਿਆ।
ਸੈਂਕੜੇ ਐੱਨਪੀਐੱਸ ਮੁਲਾਜ਼ਮਾਂ ਵੱਲੋਂ ਸੰਗਰੂਰ ਵਿੱਚ ਝੰਡਾ ਮਾਰਚ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਐੱਨਪੀਐੱਸ ਮੁਲਾਜ਼ਮਾਂ ਵੱਲੋਂ ਅੱਜ ਸੰਗਰੂਰ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਗਿਆ। ਇਹ ਝੰਡਾ ਮਾਰਚ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਨੂੰ ਮੁੱਖ ਰੱਖਦਿਆਂ ‘ਆਪ’ ਸਰਕਾਰ ਨੂੰ ਵਾਅਦਾ ਯਾਦ ਕਰਾਉਣ ਲਈ ਕੀਤਾ ਗਿਆ। ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਸ਼ੁਰੂ ਹੋਇਆ ਇਹ ਝੰਡਾ ਮਾਰਚ ਪਿੰਡ ਮੰਗਵਾਲ, ਖੁਰਾਣਾ, ਖੁਰਾਣੀ, ਬਲਵਾੜ, ਘਰਾਚੋਂ, ਸਜੂਮਾਂ, ਗੱਗੜਪੁਰ, ਈਲਵਾਲ ਹੁੰਦਾ ਹੋਇਆ ਵਾਪਸ ਸ਼ਹਿਰ ਦੇ ਰਾਜ ਹਾਈ ਸਕੂਲ ਚੌਕ ਅਤੇ ਲਾਲ ਬੱਤੀ ਚੌਕ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਸਮਾਪਤ ਹੋਇਆ, ਜਿੱਥੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ।