ਪਰਮਜੀਤ ਸਿੰਘ
ਫਾਜ਼ਿਲਕਾ, 8 ਫਰਵਰੀ
ਪਿੰਡ ਥੇਹਕਲੰਦਰ ਨੇੜੇ ਚੋਣ ਪ੍ਰਚਾਰ ਕਰਨ ਜਾ ਰਹੇ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਤੋਂ ਕਿਸਾਨਾਂ ਵੱਲੋਂ ਸਵਾਲ ਪੁੱਛੇ ਗਏ। ਇਸ ਮੌਕੇ ਦੋਹਾਂ ਧਿਰਾਂ ਵਿਚ ਬਹਿਸ ਮਗਰੋਂ ਹੱਥੋਪਾਈ ਹੋ ਗਈ। ਕਿਸਾਨਾਂ ਵੱਲੋਂ ਜਿਆਣੀ ਸਮਰਥਕਾਂ ’ਤੇ ਹੱਥੋਪਾਈ ਕਰਨ ਤੇ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਵੱਲੋਂ ਵੀ ਕਿਸਾਨਾਂ ’ਤੇ ਗੁੰਡਾਗਰਦੀ ਕੀਤੇ ਜਾਣ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਸਬੰਧ ’ਚ ਥਾਣਾ ਸਦਰ ਪੁਲੀਸ ਵੱਲੋਂ ਕੁਝ ਕਿਸਾਨਾਂ ਨੂੰ ਹਿਰਾਸਤ ’ਚ ਲਿਆ ਗਿਆ।
ਕਿਸਾਨਾਂ ਨੂੰ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਵੱਡੀ ਗਿਣਤੀ ’ਚ ਕਿਸਾਨ ਥਾਣਾ ਸਦਰ ਪਹੁੰਚੇ ਅਤੇ ਥਾਣੇ ਬਾਹਰ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਐਸ.ਪੀ.ਹੈਡਕੁਆਰਟਰ ਅਜੈ ਰਾਜ ਸਿੰਘ ਮੌਕੇ ’ਤੇ ਪੁੱਜੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਨੇ ਦੱਸਿਆ ਕਿ ਜਦੋਂ ਤੱਕ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਅਤੇ ਉਨ੍ਹਾਂ ਨਾਲ ਆਏ ਸਮਰਥਕਾਂ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਹ ਘਿਰਾਓ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਵਰਕਰਾਂ ਵੱਲੋਂ ਕਿਸਾਨਾਂ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦਾ ਕਿਸਾਨਾਂ ਵੱਲੋਂ ਜਵਾਬ ਦਿੱਤਾ ਗਿਆ ਹੈ। ਭਾਜਪਾ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਭਾਜਪਾ ਤੋਂ ਹੀ ਨਹੀਂ ਬਲਕਿ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਸਵਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਕਰਨਾ ਉਮੀਦਵਾਰਾਂ ਦਾ ਹੱਕ ਹੈ ਪਰ ਉਨ੍ਹਾਂ ਨੂੰ ਵੀ ਸਵਾਲ ਪੁੱਛਣ ਦਾ ਹੱਕ ਹੈ। ਉਹ ਇਸ ਸਬੰਧੀ ਚੋਣ ਕਮਿਸ਼ਨ ਅਧਿਕਾਰੀਆਂ ਨੂੰ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਫੌਰੀ ਤੌਰ ’ਤੇ ਇਸ ਘਟਨਾ ’ਤੇ ਨੋਟਿਸ ਲੈਣਾ ਚਾਹੀਦਾ ਹੈ। ਕਿਸਾਨਾਂ ਨੇ ਮੰਗ ਕਰਦਿਆਂ ਕਿਹਾ ਕਿ ਜਿਹੜਾ ਅਧਿਕਾਰੀ ਕਿਸਾਨਾਂ ਨੂੰ ਜਬਰੀ ਲੈ ਕੇ ਆਇਆ ਹੈ ਉਸ ਨੂੰ ਮੁਅੱਤਲ ਕੀਤਾ ਜਾਵੇ।
ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਕਿਸਾਨਾਂ ਨੇ ਘੇਰਿਆ
ਨਥਾਣਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ਵੱਲੋਂ ਅੱਜ ਪਿੰਡ ਪੂਹਲਾ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰੁਪਿੰਦਰਜੀਤ ਸਿੰਘ ਅਤੇ ਕਾਂਗਰਸੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਦੇ ਪੁੱਤਰ ਰੁਪਿੰਦਰ ਸਿੰਘ ਦਾ ਘਿਰਾਓ ਕਰਕੇ ਸਵਾਲ ਕੀਤੇ ਗਏ। ਇਸ ਦੌਰਾਨ ਯੂਨੀਅਨ ਵਰਕਰਾਂ ਵੱਲੋਂ ਦੋਵਾਂ ਆਗੂਆਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨਾਂ ਨੇ ਭਾਜਪਾ ਉਮੀਦਵਾਰ ਨੂੰ ਸਵਾਲ ਕੀਤੇ ਕਿ ਕੇਂਦਰ ਸਰਕਾਰ ਵੱਲੋਂ ਹੋਰ ਦੋ ਕਰੋੜ ਨੌਕਰੀਆਂ ਦੇਣ ਦੇ ਵਾਅਦੇ ਕਿੱਥੇ ਗਏ ਹਨ। ਉਨ੍ਹਾਂ ਇਹ ਵੀ ਪੁੱਛਿਆ ਕਿ ਕਿਸਾਨ ਸੰਘਰਸ਼ ਵਿਚ ਸ਼ਾਮਲ ਕਿਸਾਨਾਂ ਖਿਲਾਫ਼ ਦਰਜ ਕੇਸ ਹਾਲੇ ਤੱਕ ਰੱਦ ਕਿਉਂ ਨਹੀਂ ਕੀਤੇ ਗਏ। ਕਾਂਗਰਸੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਦੇ ਲੜਕੇ ਰੁਪਿੰਦਰ ਸਿੰਘ ਕੋਟਭਾਈ ਨੂੰ ਕਿਸਾਨ ਆਗੂਆਂ ਅਵਤਾਰ ਸਿੰਘ, ਬਿਕਰਮਜੀਤ ਸਿੰਘ, ਨਛੱਤਰ ਸਿੰਘ ਅਤੇ ਬੱਬਰ ਸਿੰਘ ਨੇ ਸਵਾਲ ਕੀਤੇ ਕਿ 2017 ਵਿਚ ਕਾਂਗਰਸ ਦੀ ਸਰਕਾਰ ਨੇ ਨਸ਼ਿਆਂ ਦੇ ਖਾਤਮੇ, ਮੁਕੰਮਲ ਕਰਜ਼ਾ ਮੁਆਫੀ, ਘਰ ਘਰ ਰੁਜ਼ਗਾਰ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਜੋ ਭਰੋਸੇ ਦਿੱਤੇ ਸਨ ਉਨ੍ਹਾਂ ਨੂੰ ਪੂਰਾ ਕਿਉਂ ਨਹੀਂ ਕੀਤਾ ਗਿਆ। ਭਾਜਪਾ ਅਤੇ ਕਾਂਗਰਸ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਵੋਟਾਂ ਮੰਗਣ ਅਤੇ ਕਿਸਾਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ।
ਕਿਸਾਨਾਂ ਨੇ ਭਾਜਪਾ ਉਮੀਦਵਾਰ ਤੋਂ ਐੱਮਐੱਸਪੀ ਸਬੰਧੀ ਪੁੱਛੇ ਸਵਾਲ
ਲੰਬੀ (ਇਕਬਾਲ ਸਿੰਘ ਸ਼ਾਂਤ): ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਅੱਜ ਹਲਕਾ ਲੰਬੀ ਤੋਂ ਭਾਜਪਾ ਦੇ ਉਮੀਦਵਾਰ ਰਾਕੇਸ਼ ਧੀਂਗੜਾ ਕੋਲੋਂ ਸਵਾਲ ਪੁੱਛੇ ਗਏ। ਕਿਸਾਨ ਆਗੂ ਹਰਭਗਵਾਨ ਸਿੰਘ ਲੰਬੀ, ਬਖਸ਼ੀਸ਼ ਸਿੰਘ ਕੰਦੂਖੇੜਾ, ਪਵਨਦੀਪ ਸਿੰਘ ਮਹਿਣਾ, ਅਵਤਾਰ ਸਿੰਘ ਅਤੇ ਹੋਰਾਂ ਨੇ ਕਿਸਾਨ ਸੰਘਰਸ਼ ’ਚ ਦਰਜ ਕੇਸਾਂ ਦੀ ਵਾਪਸੀ ਸਮੇਤ ਐੱਮਐੱਸਪੀ ਅਤੇ ਲਖੀਮਪੁਰ ਖੀਰੀ ਘਟਨਾ ਸਬੰਧੀ ਸਵਾਲ ਕੀਤੇ। ਇਸ ਦੌਰਾਨ ਧੀਂਗੜਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਪਹਿਲਾਂ ਹੀ ਕਿਸਾਨਾਂ ਤੋਂ ਮੁਆਫ਼ੀ ਮੰਗ ਚੁੱਕੇ ਹਨ। ਜੇ ਉਨ੍ਹਾਂ ਤੋਂ ਨਿੱਜੀ ਤੌਰ ’ਤੇ ਕੋਈ ਖਾਮੀ ਹੋਈ ਹੈ ਤਾਂ ਉਹ ਮੁਆਫੀ ਮੰਗ ਸਕਦੇ ਹਨ। ਇਸ ਮਗਰੋਂ ਕਿਸਾਨਾਂ ਨੇ ਸੁਆਲ-ਜਵਾਬ ਸੈਸ਼ਨ ਜੇਤੂ ਰੌਂਅ ’ਚ ਸਮਾਪਤ ਕਰ ਦਿੱਤਾ। ਇਸ ਦੌਰਾਨ ਪੰਜਾਬ ਪੁਲੀਸ ਨੇ ਭਾਜਪਾ ਚੋਣ ਦਫ਼ਤਰ ਦੀ ਬੈਰੀਕੇਡਿੰਗ ਕਰ ਕੇ ਵੱਡੀ ਗਿਣਤੀ ਅਮਲਾ ਤਾਇਨਾਤ ਕੀਤਾ ਹੋਇਆ ਸੀ। ਸਾਵਧਾਨੀ ਵਜੋਂ ਵਜਰ ਵਾਹਨ ਵੀ ਲਿਆਂਦਾ ਹੋਇਆ ਸੀ। ਡੀਐੱਸਪੀ ਜਸਪਾਲ ਸਿੰਘ ਅਤੇ ਥਾਣਾ ਮੁਖੀ ਅਮਨਦੀਪ ਸਿੰਘ ਸਮੇਤ ਚਾਰ ਦਰਜਨ ਪੁਲੀਸ ਮੁਲਾਜ਼ਮ ਮੌਕੇ ’ਤੇ ਘੰਟਿਆਂਬੱਧੀ ਤਾਇਨਾਤ ਰਹੇ।