ਸੰਜੀਵ ਬੱਬੀ
ਚਮਕੌਰ ਸਾਹਿਬ, 23 ਫਰਵਰੀ
ਨਗਰ ਪੰਚਾਇਤ ਚਮਕੌਰ ਸਾਹਿਬ ਵਿੱਚ ਭਾਵੇਂ ਕਾਂਗਰਸ 9 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਦੀ ਸਥਿਤੀ ਵਿੱਚ ਹੈ ਪਰ ਪ੍ਰਧਾਨ ਦੀ ਚੋਣ ਬਾਰੇ ਪਾਰਟੀ ਦੇ ਕੌਂਸਲਰਾਂ ਵਿੱਚ ਧੜੇਬੰਦੀ ਦੀਆਂ ਕਨਸੋਆਂ ਹਨ। ਮੌਜੂਦਾ ਸਥਿਤੀ ਵਿੱਚ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ 3 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ, ਉੱਥੇ ਹੀ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਧੜੇ ਦੇ ਵੀ 3 ਕੌਂਸਲਰਾਂ ਨੇ ਸੀਟਾਂ ਜਿੱਤੀਆਂ ਹਨ ਪਰ ਬਹੁਗਿਣਤੀ ਕਾਂਗਰਸੀ ਕੌਂਸਲਰ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਦੁਬਾਰਾ ਪ੍ਰਧਾਨ ਬਣਾਉਣ ਦੇ ਰੌਂਅ ਵਿੱਚ ਨਹੀਂ ਦੱਸੇ ਜਾ ਰਹੇ। ਇਹ ਵੀ ਪਤਾ ਲੱਗਾ ਹੈ ਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮੰਨੇ ਜਾਂਦੇ ਠੇਕੇਦਾਰ ਸ਼ਮਸ਼ੇਰ ਸਿੰਘ ਮੰਗੀ ਇਸ ਵਾਰ ਪ੍ਰਧਾਨਗੀ ਦੇ ਚਾਹਵਾਨ ਹਨ ਪਰ ਸ਼ੇਰਾ ਦੀ ਹਮਾਇਤ ਇਸ ਆਸ਼ੇ ਦੀ ਪੂਰਤੀ ਲਈ ਉਨ੍ਹਾਂ ਨੂੰ ਮਿਲਣ ਦੀ ਸੰਭਾਵਨਾ ਨਹੀਂ, ਇਸੇ ਕਾਰਨ ਉਨ੍ਹਾਂ ਨੂੰ ਮਾਂਗਟ ਧੜੇ ਦੀ ਹਮਾਇਤ ਦੀ ਹਰ ਹਾਲਤ ਵਿੱਚ ਜ਼ਰੂਰਤ ਪਵੇਗੀ। ਇਹ ਵੀ ਪਤਾ ਲੱਗਾ ਹੈ ਕਿ ਮਾਂਗਟ ਧੜੇ ਨੇ ਠੇਕੇਦਾਰ ਮੰਗੀ ਨੂੰ ਇਸ ਸ਼ਰਤ ’ਤੇ ਹਮਾਇਤ ਦਾ ਭਰੋਸਾ ਦਿੱਤਾ ਹੈ ਕਿ ਪਹਿਲਾਂ ਉਹ ਆਪਣੇ 5 ਸਮਰਥਕ ਪੱਕੇ ਕਰ ਲੈਣ, ਭਾਵੇਂ ਕਿ ਇਸ ਬਾਰੇ ਅੰਤਿਮ ਫੈਸਲਾ ਕੈਬਨਿਟ ਮੰਤਰੀ ਸ੍ਰੀ ਚੰਨੀ ਨੇ ਹੀ ਕਰਨਾ ਹੈ ਪਰ ਮੌਜੂਦਾ ਹਾਲਤਾਂ ਵਿੱਚ ਕਿਆਸਅਰਾਈਆਂ ਦਾ ਰੁਝਾਨ ਜ਼ੋਰਾਂ ’ਤੇ ਹੈ।