ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਦਸੰਬਰ
ਸੀਤ ਰੁੱਤ ਦੀ ਸ਼ੁਰੂਆਤ ਨਾਲ ਹੀ ਹਰੀਕੇ ਜਲਗਾਹ ਵਿੱਚ ਪਰਵਾਸੀ ਪੰਛੀਆਂ ਦੀ ਆਮਦ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਤਕ ਲਗਪਗ 60 ਪ੍ਰਜਾਤੀਆਂ ਦੇ ਪਰਿੰਦੇ ਇਥੇ ਪਹੁੰਚ ਚੁੱਕੇ ਹਨ ਤੇ ਇਨ੍ਹਾਂ ਦੀ ਆਮਦ ਨਾਲ ਜਲਗਾਹ ਵਿੱਚ ਰੌਣਕ ਵਧ ਗਈ ਹੈ। ਹਰੀਕੇ ਜਲਗਾਹ ਭਾਰਤ ਦੀ ਦੂਜੀ ਸਭ ਤੋਂ ਵੱਡੀ ਜਲਗਾਹ ਹੈ। ਇਥੇ ਹਰ ਸਾਲ ਸੀਤ ਰੁੱਤ ਵਿੱਚ ਵੱਖ-ਵੱਖ ਮੁਲਕਾਂ ਤੋਂ ਪੰਛੀ ਪਰਵਾਸ ਕਰਕੇ ਪੁੱਜਦੇ ਹਨ, ਜੋ ਲਗਪਗ ਮਾਰਚ ਮਹੀਨੇ ਤਕ ਇਥੇ ਰੁਕਦੇ ਹਨ। ਇਹ ਪਰਿੰਦੇ ਆਪਣੇ ਮੁਲਕਾਂ ਵਿੱਚ ਬਰਫ਼ ਪੈਣ ਕਾਰਨ ਝੀਲਾਂ ਆਦਿ ਦੇ ਜੰਮਣ ਮਗਰੋਂ ‘ਸੈਂਟਰਲ ਏਸ਼ੀਅਨ ਫਲਾਈ ਵੇਅ’ ਰਾਹੀਂ ਲਗਪਗ 33 ਮੁਲਕਾਂ ਤੋਂ ਆਉਂਦੇ ਹਨ।
ਹਰੀਕੇ ਜਲਗਾਹ 4100 ਹੈਕਟੇਅਰ ਰਕਬੇ ਵਿੱਚ ਫੈਲੀ ਹੋਈ ਹੈ ਤੇ ਇਹ ਸਤਲੁਜ ਬਿਆਸ ਦੇ ਸੰਗਮ ’ਤੇ ਸਥਿਤ ਹੈ। ਇਹ ਜਲਗਾਹ ਤਿੰਨ ਜ਼ਿਲ੍ਹਿਆਂ ਤਰਨ ਤਾਰਨ, ਫਿਰੋਜ਼ਪੁਰ, ਕਪੂਰਥਲਾ ਨੂੰ ਲਗਦੀ ਹੈ। ਪਰਵਾਸੀ ਪੰਛੀਆਂ ਦੀ ਆਮਦ ਦੇ ਨਾਲ ਹੀ ਇੱਥੇ ਡਬਲਿਊਡਬਲਿਊਐੱਫ, ਜੰਗਲੀ ਜੀਵ ਵਿਭਾਗ, ਜੰਗਲਾਤ ਵਿਭਾਗ ਆਦਿ ਵੱਲੋਂ ਇਨ੍ਹਾਂ ਪੰਛੀਆਂ ਦੀ ਸੁਰੱਖਿਆ ਤੇ ਹੋਰ ਰੱਖ-ਰਖਾਵ ਦੇ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ।
ਡਬਲਿਊਡਬਲਿਊਐੱਫ ਦੀ ਕੋਆਰਡੀਨੇਟਰ ਗੀਤਾਂਜਲੀ ਕੰਵਰ ਨੇ ਦੱਸਿਆ ਕਿ ਹੁਣ ਤੱਕ ਲਗਪਗ 60 ਪ੍ਰਜਾਤੀਆਂ ਦੇ ਪਰਵਾਸੀ ਪੰਛੀ ਇੱਥੇ ਪੁੱਜ ਚੁੱਕੇ ਹਨ। ਇਹ ਯੂਰਪ ਤੇ ਯੂਰੇਸ਼ੀਆ ਦੇ 33 ਮੁਲਕਾਂ ਤੋਂ ਆਏ ਹਨ। ਇਨ੍ਹਾਂ ਪੰਛੀਆਂ ਵਿੱਚੋਂ ਕਾਮਨ ਪੋਚਰਡ, ਰੈੱਡ ਕਰੈਸਟਿੱਡ ਪੋਚਰਡ, ਗਰੇਲੈੱਗ ਗੂਜ਼ ਤੇ ਬਾਰ ਹੈਡਿੱਡ ਗੂਜ਼ ਦੇ ਵੱਡੇ ਝੁੰਡ ਅਕਤੂਬਰ-ਨਵੰਬਰ ਵਿੱਚ ਪੁੱਜੇ ਹਨ। ਜਦਕਿ ਇਨ੍ਹਾਂ ਤੋਂ ਪਹਿਲਾਂ ਬਰਾਊਨ ਹੈਡਿੱਡ ਗੱਲ, ਯੂਰੇਸ਼ੀਅਨ ਕੂਟ, ਮਾਰਸ਼ ਹੈਰੀਅਰ, ਸ਼ੈਂਕ ਅਤੇ ਸੈਂਡ ਪਾਈਪਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਹੁਣ ਪੁੱਜੇ ਪੰਛੀਆਂ ਵਿੱਚ ਕਾਮਨ ਟੀਲ, ਟੱਫਟਿੱਡ ਡੱਕ, ਰੂਡੀ ਸ਼ੈਲਡੱਕ, ਨਾਰਦਨ ਪਿੰਨਟੇਲ ਆਦਿ ਪੰਛੀ ਹਨ। ਉਨ੍ਹਾਂ ਦੱਸਿਆ ਕਿ ਇਥੇ ਜਲਗਾਹ ਵਿੱਚ 90 ਤੋਂ ਵੱਧ ਪ੍ਰਜਾਤੀਆਂ ਦੇ ਪੰਛੀ ਪੁੱਜਦੇ ਹਨ।
ਜੰਗਲਾਤ ਵਿਭਾਗ ਦੇ ਰੇਂਜ ਅਧਿਕਾਰੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਹ ਜਲ ਪੰਛੀ ਕਜ਼ਾਖਸਤਾਨ, ਸਾਇਬੇਰੀਆ, ਰੂਸ ਤੇ ਹੋਰ ਮੁਲਕਾਂ ਤੋਂ ਇਥੇ ਪੁੱਜਦੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਪਰਵਾਸੀ ਪੰਛੀਆਂ ਦੀ ਗਿਣਤੀ ਵੀ ਕੀਤੀ ਜਾਂਦੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਥੇ ਕਿੰਨੀਆਂ ਪ੍ਰਜਾਤੀਆਂ ਦੇ ਅਤੇ ਕਿੰਨੇ ਪੰਛੀ ਪੁੱਜਦੇ ਹਨ।