ਨਵੀਂ ਦਿੱਲੀ, 23 ਜਨਵਰੀ
ਚੀਨ ਦੀ ਫ਼ੌਜ ‘ਪੀਪਲਜ਼ ਲਬਿਰੇਸ਼ਨ ਆਰਮੀ’ (ਪੀਐਲਏ) ਨੇ ਅੱਜ ਭਾਰਤੀ ਸੈਨਾ ਨੂੰ ਜਾਣੂ ਕਰਾਇਆ ਹੈ ਕਿ ਅਰੁਣਾਚਲ ਪ੍ਰਦੇਸ਼ ਦਾ ਲਾਪਤਾ ਹੋਇਆ ਲੜਕਾ ਉਨ੍ਹਾਂ ਨੂੰ ਚੀਨੀ ਖੇਤਰ ਵਿਚ ‘ਲੱਭ’ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਲੜਕੇ ਨੂੰ ਭਾਰਤ ਨੂੰ ਸੌਂਪ ਦੇਣਗੇ। ਅਰੁਣਾਚਲ ਦੇ ਇਕ ਸੰਸਦ ਮੈਂਬਰ ਨੇ ਦਾਅਵਾ ਕੀਤਾ ਸੀ ਕਿ ਲੜਕੇ ਨੂੰ ਪੀਐਲਏ ਨੇ ਅਗਵਾ ਕਰ ਲਿਆ ਹੈ। ਰੱਖਿਆ ਸੂਤਰਾਂ ਨੇ ਹਾਲਾਂਕਿ ਕਿਹਾ ਕਿ ਚੀਨੀ ਫ਼ੌਜ ਨੇ ਲੜਕੇ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਮੀਰਮ ਤਾਰੋਨ ਹੈ, ਜਿਸ ਨੂੰ ਚੀਨੀ ਫ਼ੌਜ 18 ਜਨਵਰੀ ਨੂੰ ਅੱਪਰ ਸਿਆਂਗ ਜ਼ਿਲ੍ਹੇ ਵਿਚੋਂ ਫੜ ਕੇ ਲੈ ਗਈ ਸੀ। ਘਟਨਾ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਸੈਨਾ ਨੇ ਪੀਐਲਏ ਤੋਂ ਲੜਕੇ ਨੂੰ ਲੱਭਣ ਲਈ ਮਦਦ ਮੰਗੀ ਸੀ। ਸੂਤਰਾਂ ਨੇ ਦੱਸਿਆ ਕਿ ਪੀਐਲਏ ਨੇ ਜਾਣਕਾਰੀ ਦਿੱਤੀ ਹੈ ਕਿ ਲੜਕਾ ਲੱਭ ਗਿਆ ਹੈ ਤੇ ਉਸ ਨੂੰ ਸੌਂਪਣ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾ ਰਹੀ ਹੈ। ਅਰੁਣਾਚਲ ਦੇ ਸੰਸਦ ਮੈਂਬਰ ਤਪੀਰ ਗਾਓ ਨੇ ਦੱਸਿਆ ਕਿ ਲੜਕਾ ਪੀਐਲਏ ਕੋਲ ਹੈ ਤੇ ਜਲਦੀ ਹੀ ਭਾਰਤੀ ਸੈਨਾ ਨੂੰ ਸੌਂਪਿਆ ਜਾਵੇਗਾ। ਮੀਰਮ ਦੇ ਮਿੱਤਰ ਨੇ ਪ੍ਰਸ਼ਾਸਨ ਨੂੰ ਉਸ ਦੇ ਅਗਵਾ ਹੋਣ ਬਾਰੇ ਜਾਣੂ ਕਰਾਇਆ ਸੀ। ਦੋਵੇਂ ਸਥਾਨਕ ਸ਼ਿਕਾਰੀ ਹਨ ਤੇ ਜ਼ੀਦੋ ਪਿੰਡ ਦੇ ਰਹਿਣ ਵਾਲੇ ਹਨ। ਇਹ ਘਟਨਾ ਉੱਥੇ ਵਾਪਰੀ ਸੀ ਜਿੱਥੇ ਸਾਂਗਪੋ ਨਦੀ ਭਾਰਤ ਵਿਚ ਦਾਖਲ ਹੁੰਦੀ ਹੈ। ਇਸ ਨੂੰ ਅਸਾਮ ਵਿਚ ਬ੍ਰਹਮਪੁੱਤਰ ਕਹਿੰਦੇ ਹਨ। 20 ਜਨਵਰੀ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਨਹੀਂ ਹੈ ਪਰ ਪੀਐਲਏ ਸਰਹੱਦ ਕੰਟਰੋਲ ਕਰਦੀ ਹੈ ਅਤੇ ਗ਼ੈਰਕਾਨੂੰਨੀ ਦਾਖਲੇ ਤੇ ਵਾਪਸੀ ਦੀਆਂ ਗਤੀਵਿਧੀਆਂ ਉਤੇ ਨਜ਼ਰ ਰੱਖਦੀ ਹੈ। ਸਤੰਬਰ 2020 ਵਿਚ ਵੀ ਪੀਐਲਏ ਨੇ ਅਰੁਣਾਚਲ ਦੇ ਪੰਜ ਨੌਜਵਾਨਾਂ ਨੂੰ ਅਗਵਾ ਕਰ ਲਿਆ ਸੀ। ਹਾਲਾਂਕਿ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਲੱਦਾਖ ਵਿਚ ਸਰਹੱਦੀ ਟਕਰਾਅ ਅਜੇ ਵੀ ਬਣਿਆ ਹੋਇਆ ਹੈ। -ਪੀਟੀਆਈ