ਪੱਤਰ ਪ੍ਰੇਰਕ
ਚੰਡੀਗੜ੍ਹ, 24 ਅਪਰੈਲ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਵਿੱਚੋਂ ਪਿਛਲੇ ਸਮੇਂ ਦੌਰਾਨ 30000 ਤੋਂ ਵੀ ਵੱਧ ਵੱਖ-ਵੱਖ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਹੋਣ ਦੇ ਬਾਵਜੂਦ ਨਵੀਂਆਂ ਭਰਤੀਆਂ ਨੇਪਰੇ ਨਹੀਂ ਚੜ੍ਹ ਸਕੀਆਂ। ਅਧਿਆਪਕ ਜਥੇਬੰਦੀ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਪ੍ਰੀ-ਪ੍ਰਾਇਮਰੀ ਤੇ ਈਟੀਟੀ ਦੇ ਇੱਕ ਵੀ ਅਧਿਆਪਕ ਦੀ ਭਰਤੀ ਨਹੀਂ ਹੋਈ। ਹੁਣ ਤੱਕ ਈਟੀਟੀ ਅਧਿਆਪਕਾਂ ਦੀ ਭਰਤੀ ਦੇ ਇਸ਼ਤਿਹਾਰ ਤਾਂ ਜਾਰੀ ਹੋਏ, ਪਰ ਇਨ੍ਹਾਂ ਵਿੱਚੋਂ ਇੱਕ ਵੀ ਭਰਤੀ ਪ੍ਰਕਿਰਿਆ ਮੁਕੰਮਲ ਨਹੀਂ ਹੋ ਸਕੀ। ਮਈ-2021 ਦੇ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਈਟੀਟੀ ਅਧਿਆਪਕਾਂ ਦੀਆਂ 29,941 ਅਸਾਮੀਆਂ ਵਿੱਚੋਂ ਪੰਜਾਹ ਫੀਸਦ ਖਾਲੀ ਹਨ। ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਨਿਗੂਣੀਆਂ 8393 ਅਸਾਮੀਆਂ ’ਤੇ ਵੀ ਵਾਲੰਟੀਅਰ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੂੰ ਪੱਕੇ ਤੌਰ ’ਤੇ ਰੱਖਣ ’ਚ ਸਰਕਾਰ ਅਸਫ਼ਲ ਰਹੀ ਹੈ। ਇਹੀ ਹਾਲ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਭਰਤੀਆਂ ਦਾ ਹੈ। ਦੂਜੇ ਪਾਸੇ ਮਾਸਟਰ ਕਾਡਰ ਦੀ 4161 ਭਰਤੀ ਵਿੱਚ ਸਮਾਜਿਕ ਸਿੱਖਿਆ, ਹਿੰਦੀ, ਪੰਜਾਬੀ ਆਦਿ ਵਿਸ਼ਿਆਂ ਦੀਆਂ ਅਸਾਮੀਆਂ ਲਈ ਵਾਰ-ਵਾਰ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਡੀਟੀਐੱਫ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਰਾਣੀਆਂ ਭਰਤੀਆਂ ਨੂੰ ਪੂਰਾ ਕਰ ਕੇ ਸਕੂਲਾਂ ਵਿੱਚ ਨਵੇਂ ਅਧਿਆਪਕ ਭੇਜੇ ਜਾਣ ਤੇ ਖਤਮ ਕੀਤੀਆਂ ਅਸਾਮੀਆਂ ਨੂੰ ਬਹਾਲ ਕਰਕੇ ਭਰਤੀ ਇਸ਼ਤਿਹਾਰ ਜਾਰੀ ਕੀਤੇ ਜਾਣ।