ਦਿਲਬਾਗ ਸਿੰਘ ਗਿੱਲ
ਅਟਾਰੀ, 11 ਅਗਸਤ
ਦੇਸ਼ ਦੀ ਰਾਖੀ ਲਈ ਘਰ-ਪਰਿਵਾਰਾਂ ਤੋਂ ਦੂਰ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਅਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੂੰ ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਅਟਾਰੀ ਸਰਹੱਦ ’ਤੇ ਸਾਬਕਾ ਮੰਤਰੀ ਤੇ ਦੁਰਗਿਆਣਾ ਮੰਦਰ ਕਮੇਟੀ ਦੀ ਪ੍ਰਧਾਨ ਪ੍ਰੋਫੈ਼ਸਰ ਲਕਸ਼ਮੀ ਕਾਂਤਾ ਚਾਵਲਾ ਸਣੇ ਕਈ ਸਕੂਲਾਂ-ਕਾਲਜਾਂ ਦੀਆਂ ਲੜਕੀਆਂ ਨੇ ਰੱਖੜੀਆਂ ਬੰਨ੍ਹੀਆਂ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।
ਰੱਖੜੀ ਦੇ ਪਵਿੱਤਰ ਤਿਉਹਾਰ ਸਬੰਧੀ ਕਰਵਾਏ ਗਏ ਵਿਸ਼ੇਸ਼ ਸਮਾਰੋਹ ਦੌਰਾਨ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨਾਲ ਅੰਮ੍ਰਿਤਸਰ ਤੋਂ ਆਈਆਂ ਵੱਖ-ਵੱਖ ਔਰਤਾਂ ਅਤੇ ਬੱਚੀਆਂ ਨੇ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਜਸਬੀਰ ਸਿੰਘ, ਇੰਸਪੈਕਟਰ ਗੌਰਵ ਸ਼ਰਮਾ, ਸੀਆਰਪੀਐਫ ਦੇ ਕਮਾਂਡੈਂਟ ਸਮੇਤ ਜਵਾਨਾਂ ਨੂੰ ਰੱਖੜੀਆਂ ਬੰਨ੍ਹੀਆਂ। ਰੱਖੜੀ ਬੰਨ੍ਹਣ ਦੀ ਰਸਮ ਮਗਰੋਂ ਦੇਸ਼-ਭਗਤੀ ਦੇ ਗੀਤ ਵੀ ਗਾਏ ਗਏ।
ਪ੍ਰੋਫੈ਼ਸਰ ਚਾਵਲਾ ਨੇ ਕਿਹਾ ਕਿ ਸਰਹੱਦਾਂ ’ਤੇ ਤਾਇਨਾਤ ਇਨ੍ਹਾਂ ਜਵਾਨਾਂ ਕਾਰਨ ਹੀ ਲੋਕ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸੌਂਦੇ ਹਾਂ। ਉਨ੍ਹਾਂ ਕਿਹਾ ਕਿ ਇਸ ਦਿਨ ਹਰ ਭੈਣ ਆਪਣੇ ਭਰਾ ਦੇ ਗੁਟ ’ਤੇ ਰੱਖੜੀ ਬੰਨ੍ਹਦੀ ਹੈ, ਪਰ ਦੇਸ਼ ਦੀ ਰਾਖੀ ਲਈ ਸਮਰਪਿਤ ਇਹ ਜਵਾਨ ਆਪਣੇ ਘਰਾਂ ਤੇ ਪਰਿਵਾਰਾਂ ਤੋਂ ਦੂਰ ਹਨ। ਇਸੇ ਲਈ ਉਹ ਹਰ ਸਾਲ ਇੱਥੇ ਆ ਕੇ ਸੁਰੱਖਿਆ ਬਲਾਂ ਦੇ ਜਵਾਨਾਂ ਨਾਲ ਇਹ ਤਿਉਹਾਰ ਮਨਾਉਂਦੇ ਹਨ। ਇਸ ਮੌਕੇ ਸ਼ਕਤੀ ਰਾਣੀ ਝਾਂਸੀ ਸੰਸਥਾ ਅੰਮ੍ਰਿਤਸਰ ਦੀਆਂ ਔਰਤਾਂ ਤੇ ਸਕੂਲਾਂ ਤੇ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਰੱਖੜੀ ਬੰਨ੍ਹ ਕੇ ਜਵਾਨਾਂ ਦਾ ਮੂੰਹ ਮਿੱਠਾ ਕਰਵਾਇਆ।