ਸ਼ਗਨ ਕਟਾਰੀਆ
ਬਠਿੰਡਾ, 2 ਅਕਤੂਬਰ
ਆਪਣੀ ਹੋਂਦ ਲਈ ਮੈਦਾਨ-ਏ-ਜੰਗ ’ਚ ਨਿੱਤਰੇ ਖੇਤਾਂ ਦੇ ਪੁੱਤ ਦੂਜੇ ਦਿਨ ਵੀ ਮੋਰਚਿਆਂ ’ਤੇ ਡਟੇ ਰਹੇ। ਰੇਲਵੇ ਲਾਈਨਾਂ, ਥਰਮਲ, ਦੇਸ਼ ਦੇ ਵੱਡੇ ਘਰਾਣਿਆਂ ਦੇ ਪੈਟਰੋਲ ਪੰਪਾਂ, ਸ਼ਾਪਿੰਗ ਕੰਪਲੈਕਸਾਂ, ਟੌਲ ਪਲਾਜ਼ਿਆਂ ’ਤੇ ਬੀਤੇ ਦਿਨ ਵਾਂਗ ਅੱਜ ਵੀ ਪ੍ਰਦਰਸ਼ਨਾਂ ਦੇ ਦੌਰ ਮਘਦੇ ਰਹੇ।
ਕਿਸਾਨਾਂ ਦੇ ਰੋਹ ਦਾ ਮੁਹਾਣ ਅੱਜ ਕੇਂਦਰ ’ਚ ਸੱਤਾ-ਨਸ਼ੀਨ ਭਾਰਤੀ ਜਨਤਾ ਪਾਰਟੀ ਵੱਲ ਰਿਹਾ। ਬਠਿੰਡਾ ’ਚ ਕਿਸਾਨ ਕਾਫ਼ਲੇ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਪੁਤਲਾ ਚੁੱਕ ਕੇ ਸ਼ਹਿਰ ’ਚ ਰੋਸ ਮਾਰਚ ਕੀਤਾ। ਬੁਲਾਰਿਆਂ ਨੇ ਲੋਕਾਂ ਦੇ ਰੂ-ਬ-ਰੂ ਹੁੰਦਿਆਂ ਮੋਦੀ ਸਰਕਾਰ ਨੂੰ ਫ਼ਾਸ਼ੀਵਾਦ ਦੀ ਜਨਮਦਾਤੀ ਆਖਿਆ। ਆਗੂਆਂ ਨੇ ਕੇਂਦਰ ’ਤੇ ਜੰਮੂ-ਕਸ਼ਮੀਰ ਦੇ ਟੋਟੇ ਕਰਨ, ਨਾਗਰਿਕਤਾ ਕਾਨੂੰਨ ’ਚ ਸੋਧ ਕਰਕੇ ਘੱਟ ਗਿਣਤੀਆਂ ਨੂੰ ਖੂੰਜੇ ਲਾਏ ਜਾਣ, ਬੁੱਧੀਜੀਵੀ ਤਬਕੇ ਨੂੰ ਝੂਠਿਆਂ ਕੇਸਾਂ ’ਚ ਜੇਲ੍ਹਾਂ ਵਿਚ ਬੰਦ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਇਹ ਅੱਗ ਵਧ ਕੇ ਕਿਸਾਨਾਂ ਦੇ ਘਰਾਂ ’ਚ ਆ ਗਈ ਹੈ। ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਵਿੱਚੋਂ ਹਿਟਲਰਸ਼ਾਹੀ ਦਾ ਅੰਤ ਕਰਨ ਲਈ ਤਾਨਸ਼ਾਹ ਹਾਕਮਾਂ ਨੂੰ ਮੂੰਹ ਦੀ ਖੁਆਉਣ ਲਈ ਸੰਘਰਸ਼ ਦੇ ਅਖਾੜੇ ਵਿੱਚ ਪੈਰ ਧਰਨ। ਹਨੂੰਮਾਨ ਚੌਕ ਵਿੱਚ ਪਹੁੰਚ ਕੇ ਕਿਸਾਨ ਕਾਫ਼ਲੇ ਨੇ ਅਸ਼ਵਨੀ ਸ਼ਰਮਾ ਦੇ ਪੁਤਲੇ ਨੂੰ ਅਗਨ ਭੇਟ ਕੀਤਾ। ਬੀਕੇਯੂ ਸਿੱਧੂਪੁਰ ਦੇ ਬਲਦੇਵ ਸਿੰਘ ਸੰਦੋਹਾ, ਬੀਕੇਯੂ ਡਕੌਂਦਾ ਦੇ ਹਰਵਿੰਦਰ ਸਿੰਘ ਫ਼ਰੀਦਕੋਟ ਕੋਟਲੀ, ਬੀਕੇਯੂ ਮਾਨਸਾ ਦੇ ਬੇਅੰਤ ਸਿੰਘ ਮਹਿਮਾ ਸਰਜਾ, ਜਮਹੂਰੀ ਕਿਸਾਨ ਸਭਾ ਦੇ ਦਰਸ਼ਨ ਸਿੰਘ ਫੁੱਲੋਮਿੱਠੀ, ਕਿਰਤੀ ਕਿਸਾਨ ਯੂਨੀਅਨ ਦੇ ਅਮਰਜੀਤ ਸਿੰਘ ਹਨੀ, ਬੀਕੇਯੂ ਲੱਖੋਵਾਲ ਦੇ ਮੇਜਰ ਸਿੰਘ ਕੋਟ ਬਖ਼ਤੂ, ਕੁਲ ਹਿੰਦ ਕਿਸਾਨ ਸਭਾ ਦੇ ਬਲਕਰਨ ਸਿੰਘ ਬਰਾੜ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਕਾਸ਼ ਸਿੰਘ ਨੰਦਗੜ੍ਹ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ।
ਭਾਕਿਯੂ (ਉਗਰਾਹਾਂ) ਦੇ ਆਗੂ ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਬਸੰਤ ਸਿੰਘ ਕੋਠਾਗੁਰੂ ਆਦਿ ਦੀ ਅਗਵਾਈ ’ਚ ਜਥੇਬੰਦੀ ਦੇ ਵਰਕਰਾਂ ਵੱਲੋਂ ਲਹਿਰਾਬੇਗਾ ਤੇ ਜੀਦਾ ਟੌਲ ਪਲਾਜ਼ਿਆਂ ਤੋਂ ਇਲਾਵਾ ਪਥਰਾਲਾ ਅਤੇ ਰਾਮਪੁਰਾ ’ਚ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪਾਂ, ਬਠਿੰਡਾ ਦੇ ਬੈਸਟ ਪ੍ਰਾਈਸ ਅਤੇ ਬਣਾਂਵਾਲੀ ਦੇ ਥਰਮਲ ਪਲਾਂਟ ਦਾ ਵੀਰਵਾਰ ਤੋਂ ਕੀਤਾ ਘਿਰਾਓ ਅੱਜ ਵੀ ਜਾਰੀ ਰਿਹਾ।