ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 27 ਅਕਤੂਬਰ
ਕਿਸਾਨ-ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ਅੱਜ 34ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਜੰਡਿਆਲਾ ਗੁਰੂ (ਗਹਿਰੀ) ਰੇਲਵੇ ਸਟੇਸ਼ਨ ’ਤੇ ਅੱਜ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚਿਆਂ ਨੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ। ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਹੁਣ ਤੱਕ ਅੰਦੋਲਨ ਵਿੱਚ ਕਿਸਾਨ, ਮਜ਼ਦੂਰ ਅਤੇ ਬੀਬੀਆਂ ਹਿੱਸਾ ਲੈ ਰਹੀਆਂ ਸਨ ਪਰ ਅੱਜ ਬੱਚਿਆਂ ਨੇ ਵੀ ਰੇਲ ਪਟੜੀਆਂ ’ਤੇ ਅੰਦੋਲਨ ਭਖਾਇਆ ਹੈ। ਬੱਚਿਆਂ ਦੀ ਸ਼ਮੂੁਲੀਅਤ ਨੇ ਕੇਂਦਰ ਦੀ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਵੀ ਸੰਘਰਸ਼ ਲਈ ਕਮਰ ਕੱਸੀ ਬੈਠੇ ਹਨ।
ਰੇਲਵੇ ਟਰੈਕ ’ਤੇ ਇਕੱਠ ਨੂੰ ਸਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿਸਾਨਾਂ ਵੱਲੋਂ ਅੰਦੋਲਨ ਪੂਰੀ ਤਰ੍ਹਾਂ ਇੱਕਮੁੱਠ ਹੋ ਕੇ ਲੜਿਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਪਾਸ ਕੀਤਾ ਗਿਆ ਮਤਾ ਕੈਪਟਨ ਸਰਕਾਰ ਆਪਣੀ ਪ੍ਰਾਪਤੀ ਦੱਸ ਰਹੀ ਹੈ, ਪਰ ਇਹ ਮਤਾ ਸੈਕਸ਼ਨ 11 ਵਿੱਚ ਪਾਸ ਕੀਤਾ ਗਿਆ ਹੈ, ਜਿਸ ਵਿੱਚ ਕੇਂਦਰ ਦਾ ਕਾਨੂੰਨ ਰੱਦ ਕਰਨ ਦੀ ਵਿਵਸਥਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਕੈਪਟਨ ਸਰਕਾਰ ਨੂੰ ਲੱਗਦਾ ਹੈ ਕਿ ਉਸ ਦੇ ਮਤੇ ਠੀਕ ਹਨ ਤਾਂ ਉਹ ਕਿਸਾਨਾਂ ਨਾਲ ਬੈਠ ਕੇ ਚਰਚਾ ਕਰਨ। ਕਿਸਾਨ ਆਪਣੇ ਵਕੀਲ ਨੂੰ ਲੈ ਕੇ ਚਰਚਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਵੱਲ ਮਾਲ ਗੱਡੀਆਂ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ, ਜਿਸ ਦੀ ਉਹ ਨਿਖੇਧੀ ਕਰਦੇ ਹਨ। ਇਸ ਮੌਕੇ ਕੰਵਲਜੀਤ ਸਿੰਘ, ਸਕੱਤਰ ਸਿੰਘ, ਬਲਵੰਤ ਸਿੰਘ, ਬਲਦੇਵ ਸਿੰਘ, ਅਮਰਪਾਲ ਸਿੰਘ ਤੇ ਕਿਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ।
ਸ਼ਵੇਤ ਮਲਿਕ ਦੇ ਘਰ ਅੱਗੇ ਡਟੇ ਹੋਏ ਨੇ ਕਿਸਾਨ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਖੇਤੀ ਕਾਨੂੰਨਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਅੱਗੇ ਕਿਸਾਨਾਂ ਵੱਲੋਂ ਲਾਇਆ ਧਰਨਾ ਅੱਜ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨਾਂ ਨੇ ਮੋਦੀ ਦੇ ਪੁਤਲੇ ਸਾੜਨ ਦੀ ਕਾਰਵਾਈ ਨੂੰ ਆਰਐੱਸਐੱਸ ਵਲੋਂ ਰਮਾਇਣ ਨਾਲ ਜੋੜਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪਹਿਲਾਂ ਵੀ ਮੋਦੀ ਦੇ ਪੁਤਲੇ ਸਾੜੇ ਗਏ ਸਨ ਅਤੇ ਦਸਹਿਰੇ ਵਾਲੇ ਦਿਨ ਵੀ ਪੁਤਲੇ ਸਾੜੇ ਗਏ। ਉਨ੍ਹਾਂ ਆਖਿਆ ਕਿ ਆਰਐੱਸਐੱਸ ਵਲੋਂ ਇਸ ਕਾਰਵਾਈ ਨੂੰ ਰਮਾਇਣ ਨਾਲ ਜੋੜਨਾ ਠੀਕ ਨਹੀਂ ਹੈ। ਕਿਸਾਨ ਆਗੂਆਂ ਨੇ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਦੇ ਬਿਆਨ ਦੀ ਨਿਖੇਧੀ ਕਰਦਿਆਂ ਸਪੱਸ਼ਟ ਕੀਤਾ ਕਿ ਕਿਸਾਨ ਜਥੇਬੰਦੀਆਂ ਸਾਰੇ ਧਰਮਾਂ ਦੇ ਲੋਕਾਂ ਦੇ ਜਜ਼ਬਾਤਾਂ ਦਾ ਸਤਿਕਾਰ ਕਰਦੀਆਂ ਹਨ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਆਰਐੱਸਐੱਸ ਦੀ ਭਾਜਪਾ ਸਰਕਾਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ ਅਤੇ ਇਸ ਸਬੰਧੀ ਏਜੰਡੇ ਲਾਗੂ ਕਰ ਰਹੀ ਹੈ। ਇਸ ਤਹਿਤ ਪਹਿਲਾਂ ਦਲਿਤਾਂ ਤੇ ਮੁਸਲਮਾਨਾਂ ਨੂੰ ਡਰਾਇਆ ਸੀ ਤੇ ਹੁਣ ਕਾਰਪੋਰੇਟ ਘਰਾਣਿਆਂ ਅੱਗੇ ਖੇਤੀ ਨੂੰ ਵੇਚਣ ਦਾ ਸਮਝੌਤਾ ਕਰਕੇ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੌਕੇ ਜਤਿੰਦਰ ਸਿੰਘ ਛੀਨਾ, ਕੰਵਲਪ੍ਰੀਤ ਸਿੰਘ ਪੰਨੂ, ਹਰਜੀਤ ਸਿੰਘ ਝੀਤੇ, ਬਚਿਤਰ ਸਿੰਘ ਕੋਟਲਾ, ਭੁਪਿੰਦਰ ਸਿੰਘ ਤਖਤਮਲ, ਮਨਦੀਪ ਸਿੰਘ, ਸਤਨਾਮ ਸਿੰਘ ਝੰਡੇਰ, ਗੁਰਬਚਨ ਸਿੰਘ, ਮਨਧੀਰ ਕੌਰ ਤੇ ਬਲਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।