ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 15 ਨਵੰਬਰ
ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਅੱਜ ਇੱਥੇ ਸਰਕਾਰੀ ਹਸਪਤਾਲ ਵਿੱਚ ਨਵਜੰਮੇ ਬੱਚਿਆਂ ਦੀ ਦੇਖਭਾਲ ਬਾਰੇ ਹਫ਼ਤੇ ਦੀ ਰਸਮੀ ਸ਼ੁਰੂਆਤ ਕੀਤੀ। ਸਿਹਤ ਵਿਭਾਗ ਵੱਲੋਂ 21 ਨਵੰਬਰ ਤੱਕ ਵਿਸ਼ੇਸ਼ ਹਫ਼ਤਾ ਮਨਾਇਆ ਜਾ ਰਿਹਾ ਹੈ। ਸੋਨੀ ਨੇ ਕਿਹਾ ਕਿ ਨਵਜੰਮੇ ਬੱਚਿਆਂ ਦੀ ਦੇਖਭਾਲ, ਸਿਹਤ ਵਿਭਾਗ ਦਾ ਮੁੱਖ ਤਰਜੀਹੀ ਖੇਤਰ ਹੈ ਅਤੇ ਉੱਚ ਪੱਧਰ ’ਤੇ ਇਸ ਵਚਨਬੱਧਤਾ ਨੂੰ ਦੁਹਰਾਉਣਾ ਹੀ ਇਸ ਹਫ਼ਤੇ ਨੂੰ ਮਨਾਉਣ ਦਾ ਮੰਤਵ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਰਾਸ਼ਟਰੀ ਨਵਜੰਮੇ ਹਫ਼ਤਾ ਦਾ ਥੀਮ ਹੈ ‘ਸੁਰੱਖਿਆ, ਗੁਣਵੱਤਾ ਤੇ ਪਾਲਣ ਪੋਸ਼ਣ ਦੇਖਭਾਲ’ ਹਰ ਸਿਹਤ ਸਹੂਲਤ ਅਤੇ ਹਰ ਥਾਂ ’ਤੇ ਨਵਜੰਮੇ ਦਾ ਜਨਮ ਅਧਿਕਾਰ’।
ਨਵਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਪੰਜਾਬ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਓਪੀ ਸੋਨੀ ਨੇ ਕਿਹਾ ਕਿ ਪੰਜਾਬ ਦੀ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਪ੍ਰਤੀ 1000 ਜਨਮਾਂ ਪਿੱਛੇ 19 ਹੈ, ਜੋ ਰਾਸ਼ਟਰੀ ਦਰ ਨਾਲੋਂ ਕਾਫ਼ੀ ਬਿਹਤਰ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪੰਜਾਬ ਵਿੱਚ ਬੱਚਿਆਂ ਦੀ ਮੌਤ ਦਰ ਦੇ ਅੰਕੜਿਆਂ ਵਿੱਚ ਕਾਫ਼ੀ ਕਮੀ ਆਈ ਹੈ ਪ੍ਰੰਤੂ ਹਾਲੇ ਵੀ ਠੋਸ ਕਦਮ ਚੁੱਕਣ ਦੀ ਲੋੜ ਹੈ। ਓਪੀ ਸੋਨੀ ਨੇ ਸੁਣਨ ਸ਼ਕਤੀ ਦੀ ਕਮਜ਼ੋਰੀ ਲਈ ਨਵਜੰਮੇ ਬੱਚਿਆਂ ਨੂੰ ਸਕਰੀਨ ਕਰਨ ਲਈ ਸੋਹਮ ਮਸ਼ੀਨ ਲਾਂਚ ਕੀਤੀ ਜੋ ਖਾਸ ਤੌਰ ’ਤੇ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਪਰਖਣ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਹੈ। ਇੰਜ ਹੀ ਨਵਜੰਮੇ ਬੱਚਿਆਂ ਵਿੱਚ ਨਿਮੂਨੀਆ ਦਾ ਪਤਾ ਲਗਾਉਣ ਲਈ ਮਲਟੀਮੋਡਲ ਪਲਸ ਆਕਸੀਮੀਟਰ ਵੀ ਲਾਂਚ ਕੀਤਾ ਗਿਆ। ਉਨ੍ਹਾਂ ਨੇ ਮਾਂ ਅਤੇ ਬੱਚੇ ਦੀ ਦੇਖਭਾਲ ਬਾਰੇ ਲੋਕਾਂ ਖਾਸ ਕਰਕੇ ਗਰਭਵਤੀ ਔਰਤਾਂ ਵਿੱਚ ਜਾਗਰੂਕਤਾ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਨਵਜੰਮੇ ਬੱਚਿਆਂ ਦੀਆਂ ਮੌਤਾਂ ਨੂੰ ਰੋਕਿਆ ਜਾ ਸਕੇ।
ਇਸ ਤੋਂ ਪਹਿਲਾਂ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਸਾਰੇ ਨਵਜੰਮੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਰਾਜ ਦੀਆਂ ਟੀਮਾਂ ਵੱਲੋਂ ਐਸਐਨਸੀਯੂ, (ਬਿਮਾਰ ਨਵਜਾਤ ਦੇਖਭਾਲ ਯੂਨਿਟ) ਅਤੇ ਐਨਬੀਐਸਯੂ (ਨਵਜਾਤ ਸਥਿਰਤਾ ਯੂਨਿਟ) ਦਾ ਦੌਰਾ ਕੀਤਾ ਜਾਵੇਗਾ। ਇਸ ਮੌਕੇ ਡਾਇਰੈਕਟਰ (ਪਰਿਵਾਰ ਭਲਾਈ) ਡਾ. ਓਪੀ ਗੋਜਰਾ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਪ੍ਰੋਗਰਾਮ ਅਫ਼ਸਰ ਡਾ. ਇੰਦਰਦੀਪ ਕੌਰ, ਪ੍ਰੋਗਰਾਮ ਅਫ਼ਸਰ ਡਾ. ਸੁਖਦੀਪ ਕੌਰ, ਸਟੇਟ ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ ਹਾਜ਼ਰ ਸਨ।