ਡਾ. ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 3 ਜੁਲਾਈ
ਬਾਲ ਮਿੱਤਰ ਪੁਲੀਸ ਸਟੇਸ਼ਨ ਬਣਾਉਣ ਦਾ ਮੁੱਖ ਮਕਸਦ ਬੱਚਿਆਂ ਦੇ ਅੰਦਰੋਂ ਪੁਲੀਸ ਲਈ ਝਿਜਕ ਨੂੰ ਦੂਰ ਕਰਕੇ ਇੱਕ ਸੁਖਾਵੇਂ ਮਾਹੌਲ ਵਿਚ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੈ ਤੇ ਅਜਿਹੇ ਪੁਲੀਸ ਸਟੇਸ਼ਨ ਬੱਚਿਆਂ ਸਬੰਧੀ ਮੁਸ਼ਕਲਾਂ ਦੇ ਹੱਲ ਵਿਚ ਸਹਾਈ ਸਿੱਧ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਏਡੀਜੀਪੀ (ਸੀਏਡੀ ਤੇ ਔਰਤਾਂ ਤੇ ਬੱਚਿਆਂ ਸਬੰਧੀ ਮਾਮਲੇ) ਪੰਜਾਬ ਗੁਰਪ੍ਰੀਤ ਦਿਓ ਨੇ ਇੱਥੇ ਸਥਾਪਿਤ ਕੀਤੇ ਪੰਜਾਬ ਦਾ ਪਹਿਲਾ ਬਾਲ ਮਿੱਤਰ ਪੁਲੀਸ ਸਟੇਸ਼ਨ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇੱਥੇ ਬੱਚਿਆਂ ਨੂੰ ਘਰ ਵਰਗਾ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਬੱਚਾ ਆਪਣੇ ਨਾਲ ਹੋਈ ਵਧੀਕੀ ਜਾਂ ਦੁੱਖ ਤਕਲੀਫ਼ ਬਿਨਾਂ ਕਿਸੇ ਸਹਿਮ ਤੋਂ ਦੱਸ ਸਕੇਂ ਤੇ ਇੱਥੇ ਬੱਚਿਆਂ ਸਬੰਧੀ ਮੁਸ਼ਕਲਾਂ ਦਾ ਪੂਰਨ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਬਚਪਨ ਬਚਾਓ’ ਮੁਹਿੰਮ ਤਹਿਤ ਇਹ ਪੁਲੀਸ ਸਟੇਸ਼ਨ ਤਿਆਰ ਕੀਤੇ ਜਾ ਰਹੇ ਹਨ। ਬਾਲ ਮਿੱਤਰ ਪੁਲੀਸ ਸਟੇਸ਼ਨ ਵਿਚ ਕੰਧਾਂ ਨੂੰ ਉਚੇਚੇ ਤੌਰ ’ਤੇ ਸਜਾਇਆ ਗਿਆ ਹੈ।