ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵੱਲ ਜਾਣ ਵਾਲੀਆਂ ਪੰਜ ਲਿੰਕ ਸੜਕਾਂ ਨੂੰ 18 ਫੁੱਟ ਤੱਕ ਚੌੜਾ ਕਰਨ ਦੇ ਹੁਕਮ ਦਿੱਤੇ ਹਨ। ਇਹ ਕੰਮ 8.17 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਮੁਕੰਮਲ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀ ਸੰਗਤ ਦੀ ਸਹੂਲਤ ਲਈ ਪੰਜ ਲਿੰਕ ਸੜਕਾਂ ਨੂੰ ਮਜ਼ਬੂਤ ਅਤੇ ਅਪਗ੍ਰੇਡ ਕੀਤਾ ਜਾਵੇਗਾ। ਇਨ੍ਹਾਂ ਸੜਕਾਂ ਵਿੱਚ ਜੀਟੀ ਰੋਡ ਤੋਂ ਸਰਹਿੰਦ ਸ਼ਹਿਰ ਵਾਇਆ ਖਾਨਪੁਰ, ਸਰਹਿੰਦ ਰੋਡ ਤੋਂ ਭੜੀ ਖੇੜੀ ਵਾਇਆ ਤਲਾਨੀਆਂ-ਫਿਰੋਜ਼ਪੁਰ-ਰਾਏਪੁਰ ਮਾਜਰੀ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਮੰਡੋਫਲ, ਮਾਧੋਪੁਰ ਤੋਂ ਬ੍ਰਹਮਮਾਜਰਾ ਸਾਧੂਗੜ੍ਹ ਰੋਡ ਵਾਇਆ ਸੱਦੇ ਮਾਜਰਾ ਅਤੇ ਸ਼ੇਖਪੁਰਾ ਤੋਂ ਖਾਨਪੁਰ ਵਾਇਆ ਕੁਸ਼ਟ ਅਸ਼ਰਾਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਇਸ ਸਮੁੱਚੇ ਕਾਰਜ ਦੀ ਨਿਗਰਾਨੀ ਕਰਨਗੇ ਤਾਂ ਜੋ ਇਸ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਪਵਿੱਤਰ ਧਰਤੀ ’ਤੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਦੀ ਲਾਸਾਨੀ ਸ਼ਹਾਦਤ ਨੇ ਸਦੀਆਂ ਤੋਂ ਪੰਜਾਬੀਆਂ ਨੂੰ ਬੇਇਨਸਾਫੀ ਅਤੇ ਜਬਰ-ਜ਼ੁਲਮ ਵਿਰੁੱਧ ਲੜਨ ਲਈ ਪ੍ਰੇਰਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਪਵਿੱਤਰ ਨਗਰ ਦੀ ਨੁਹਾਰ ਬਦਲੀ ਜਾਵੇਗੀ।