ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਸਤੰਬਰ
ਸੂਬੇ ਵਿੱਚ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਲਕਫੈੱਡ ਨੂੰ ਚੰਗੀ ਗੁਣਵੱਤਾ ਵਾਲਾ ਦੁੱਧ ਖਰੀਦਣ ਤੇ ਸਪਲਾਈ ਕਰਨ ਲਈ ਪਿੰਡਾਂ ’ਚ ਆਲ੍ਹਾ ਦਰਜੇ ਦਾ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਹੁਕਮ ਦਿੱਤੇ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ ਮਿਲਕਫੈੱਡ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਰੱਖੀ ਮੀਟਿੰਗ ਦੀ ਅਗਵਾਈ ਕਰਦਿਆਂ ਕੀਤਾ। ਸ੍ਰੀ ਮਾਨ ਨੇ ਮਿਲਕਫੈੱਡ ਨੂੰ ਨਾ ਸਿਰਫ ਸੂਬੇ ਵਿੱਚ ਸਗੋਂ ਦੇਸ਼ ਤੇ ਵਿਦੇਸ਼ ਵਿੱਚ ਮਾਰਕੀਟਿੰਗ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕਰਨ ਲਈ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਘਰ-ਘਰ ਵਿਚ ‘ਵੇਰਕਾ’ ਜਾਣਿਆ-ਪਛਾਣਿਆ ਨਾਮ ਹੈ। ਇਸ ਨੂੰ ਠੋਸ ਯਤਨਾਂ ਰਾਹੀਂ ਹੋਰ ਅੱਗੇ ਵਧਾਇਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਮਿਲਕਫੈੱਡ ਦੇ ਸਾਮਾਨ ਵਿੱਚ ਸੁਧਾਰ ਲਿਆਉਣ ਲਈ ਪਿੰਡਾਂ ਤੋਂ ਗੁਣਵੱਤਾ ਭਰਪੂਰ ਦੁੱਧ ਇਕੱਠਾ ਕਰਨ ਲਈ ਲਈ ਕਿਹਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਤੇ ਦੁੱਧ ਦੀ ਚੰਗੀ ਕੀਮਤ ਮੁਹੱਈਆ ਕਰਵਾਉਣਾ ‘ਆਪ’ ਸਰਕਾਰ ਦਾ ਉਦੇਸ਼ ਹੈ। ਸ੍ਰੀ ਮਾਨ ਨੇ ਨੌਜਵਾਨਾਂ ਵਿੱਚ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਪੱਖੀ ਸਕੀਮਾਂ ਨੂੰ ਲਾਗੂ ਕੀਤੇ ਜਾਣ ’ਤੇ ਜ਼ੋਰ ਦਿੱਤਾ। ਉਨ੍ਹਾਂ ਆਧੁਨਿਕ ਤਕਨਾਲੋਜੀ ਦੀ ਵਿਧੀ ਵਿਕਸਤ ਕਰਨ ਲਈ ਵੀ ਕਿਹਾ। ਮੁੱਖ ਮੰਤਰੀ ਨੇ ਮਿਲਕਫੈੱਡ ਨੂੰ ਵਿੱਤੀ ਸਾਲ 2021-2022 ਦੀ 4869 ਕਰੋੜ ਰੁਪਏ ਦੀ ਕੁੱਲ ਕਮਾਈ ਨੂੰ ਦੁੱਗਣਾ ਕਰਕੇ ਵਿੱਤੀ ਸਾਲ 2026-2027 ਤੱਕ 10,000 ਕਰੋੜ ਰੁਪਏ ਕਰਨ ਦਾ ਟੀਚਾ ਰੱਖਿਆ ਹੈ। ਮੁੱਖ ਮੰਤਰੀ ਨੇ ਮਿਲਕਫੈੱਡ ਨੂੰ ਦਿੱਲੀ-ਐੱਨਸੀਆਰ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਵਰਗੇ ਨਾਲ ਲਗਦੇ ਸੂਬਿਆਂ ਦੀ ਮਾਰਕੀਟ ਵਿੱਚ ਵੱਡੀ ਪੱਧਰ ’ਤੇ ਆਪਣੀ ਮੌਜੂਦਗੀ ਦਰਸਾਉਣ ਲਈ ਪੂਰੇ ਯਤਨ ਕਰਨ ਦੀ ਹਦਾਇਤ ਦਿੱਤੀ।
ਪਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰ ਨਿਯੁਕਤ ਕਰਨ ਦਾ ਫ਼ੈਸਲਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਭਗਵੰਤ ਮਾਨ ਨੇ ਐੱਨਆਰਈਜ਼ ਦੀਆਂ ਸ਼ਿਕਾਇਤਾਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ‘ਮੁੱਖ ਮੰਤਰੀ ਫੀਲਡ ਅਫਸਰਾਂ’ ਨੂੰ ਨੋਡਲ ਅਫਸਰ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦੀਆਂ 23 ਅਸਾਮੀਆਂ ਨੂੰ ਖਤਮ ਕਰਕੇ ‘ਮੁੱਖ ਮੰਤਰੀ ਫੀਲਡ ਅਫਸਰ’ ਦੀਆਂ 23 ਅਸਾਮੀਆਂ ਦੀ ਸਿਰਜਣਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਅਧਿਕਾਰੀ ਪਰਵਾਸੀ ਭਾਰਤੀਆਂ ਲਈ ਆਦਰਸ਼ ਨੋਡਲ ਅਫਸਰ ਸਾਬਤ ਹੋਣਗੇ। ਉਹ ਮੁੱਖ ਮੰਤਰੀ ਦਫ਼ਤਰ ਨਾਲ ਸਿੱਧਾ ਸੰਪਰਕ ਕਰਨ ਦੇ ਨਾਲ-ਨਾਲ ਸਾਰੇ ਵਿਭਾਗਾਂ ਅਤੇ ਜ਼ਿਲ੍ਹਿਆਂ ਵਿੱਚ ਤਾਲਮੇਲ ਵੀ ਕਰ ਸਕਣਗੇ। ਸ੍ਰੀ ਮਾਨ ਨੇ ਕਿਹਾ ਕਿ ਹੁਣ ਐੱਨਆਰਆਈਜ਼ ਨੂੰ ਆਪਣੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਇੱਕੋ ਥਾਂ ਪਹੁੰਚ ਕਰਨ ਦੀ ਵਿਵਸਥਾ ਕਾਇਮ ਹੋ ਗਈ ਹੈ।