ਗੁਰਦੇਵ ਸਿੰਘ ਗਹੂੰਣ
ਬਲਾਚੌਰ, 11 ਜੁਲਾਈ
‘‘ਮੀਂਹ ਅਤੇ ਹੜ੍ਹਾਂ ਕਾਰਨ ਪੰਜਾਬ ਦੇ ਵਿਗੜ ਰਹੇ ਹਾਲਾਤ ਅਤੇ ਪੀੜਤ ਪਰਿਵਾਰਾਂ ਦੀ ਮਦਦ ਕਰਨ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਫਿਕਰ ਨਹੀਂ, ਉਹ ਸਿਰਫ ਫੋਟੋਆਂ ਖਿਚਵਾਉਣ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹੈਲੀਕਾਪਟਰ ਤੇ ਪੰਜਾਬ ਦੇ ਪੈਸੇ ’ਤੇ ਸੈਰ-ਸਪਾਟਾ ਕਰਵਾਉਣ ਵਿੱਚ ਮਸਰੂਫ ਹਨ।’’ ਇਹ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਹੀਆਂ।
ਉਨ੍ਹਾਂ ਮੀਂਹ ਪ੍ਰਭਾਵਿਤ ਬਲਾਚੌਰ ਇਲਾਕੇ ਦੇ ਪਿੰਡਾਂ ਠਠਿਆਲਾ ਬੇਟ, ਗਰਲੋਂ ਬੇਟ, ਭਾਈਪੁਰ, ਹੇਡੋਂ ਬੇਟ, ਗਊਸ਼ਾਲਾ ਮੁੱਤੋਂ ਮੰਡ ਅਤੇ ਡੁੱਗਰੀ ਆਦਿ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਬਲਾਚੌਰ ਦੇ ਪਿੰਡ ਭੋਲੇਵਾਲ ’ਚ ਇੱਕ ਨੌਜਵਾਨ ਦੀ ਹੋਈ ਮੌਤ ’ਤੇ ਉਨ੍ਹਾਂ ਕਿਹਾ ਕਿ ਇਹ ਹਾਦਸਾ ਗੈਰ-ਕਾਨੂੰਨੀ ਮਾਈਨਿੰਗ ਕਾਰਨ ਵਾਪਰਿਆ ਹੈ।
ਘਨੌਲੀ (ਜਗਮੋਹਨ ਸਿੰਘ): ਸ਼ਾਮ ਵੇਲੇ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਘਨੌਲੀ ਨੇੜਲੇ ਪਿੰਡ ਆਸਪੁਰ ਦਾ ਦੌਰਾ ਕਰ ਕੇ ਸਿਰਸਾ ਨਦੀ ਦੇ ਹੜ੍ਹ ਪ੍ਰਭਾਵਿਤ ਹੋਏ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।
ਸਤਲੁਜ ਕਨਿਾਰੇ ਵਸੇ ਪਿੰਡਾਂ ਦਾ ਵੀ ਕੀਤਾ ਦੌਰਾ
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਸੁਖਬੀਰ ਬਾਦਲ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਸਤਲੁਜ ਕਨਿਾਰੇ ਵਸੇ ਉਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਗਿਆ, ਜਿੱਥੇ ਬੀਤੇ ਦਿਨ ਸਤਲੁਜ ਦੇ ਪਾਣੀ ਨੇ ਮਾਰ ਕੀਤੀ ਹੈ। ਪਿੰਡ ਹਰਿਵਾਲ ਵਿੱਚ ਜਿੱਥੇ ਉਨ੍ਹਾਂ ਹੜ੍ਹ ਕਾਰਨ ਨੁਕਸਾਨੀ ਫਸਲ ਦਾ ਜਾਇਜ਼ਾ ਲਿਆ, ਉੱਥੇ ਹੀ ਪਿੰਡ ਲੋਧੀਪੁਰ ਵਿੱਚ ਸਤਲੁਜ ਬੰਨ੍ਹ ਤੇ ਪੁੱਜ ਕੇ ਹੜ੍ਹ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਹਾਸਿਲ ਕੀਤੀ।