ਗਗਨਦੀਪ ਅਰੋੜਾ
ਲੁਧਿਆਣਾ, 19 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੋਚ ਸਿਰਫ਼ ਪੈਚਵਰਕ ਤੱਕ ਹੀ ਸੀਮਤ ਹੈ। ਆਪਣੀ ਕੁਰਸੀ ਬਚਾਉਣ ਦੇ ਚੱਕਰ ’ਚ ਉਨ੍ਹਾਂ ਪੰਜਾਬ ਨੂੰ ਕੇਂਦਰ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ। ਇਸ ਸਮੇਂ ਉਨ੍ਹਾਂ ਦੀ ਜ਼ਿੰਮੇਵਾਰੀ ਇਸ ਨੂੰ ਰੋਕਣ ਦੀ ਬਣਦੀ ਸੀ। ਵਿਰੋਧੀ ਪਾਰਟੀਆਂ ਤਾਂ ਸਿਰਫ਼ ਵਿਰੋਧ ਹੀ ਕਰ ਸਕਦੀਆਂ ਹਨ, ਫ਼ੈਸਲੇ ਨਹੀਂ। ਫਿਰ ਵੀ ਉਹ ਪਾਰਟੀ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖਣਗੇ। ਉਨ੍ਹਾਂ ਦੀ ਸਰਕਾਰ ਦੇ ਸੱਤਾ ’ਚ ਆਉਂਦੇ ਹੀ ਇਸ ਫ਼ੈਸਲੇ ਨੂੰ ਤੁਰੰਤ ਰੱਦ ਕਰਵਾ ਦਿੱਤਾ ਜਾਵੇਗਾ। ਇਨਵੈਸਟ ਪੰਜਾਬ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਸਰਕਾਰ ਨੇ ਇਸ ਵਿਭਾਗ ਨੂੰ ਬੰਦ ਕਰ ਦਿੱਤਾ ਹੈ।
ਨਵਜੋਤ ਸਿੱਧੂ ’ਤੇ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਉਹ ਆਪਣੀ ਦੂਜੀ ਮਿਜ਼ਾਈਲ ਤਿਆਰ ਕਰ ਰਹੇ ਹਨ, ਜੋ ਕਿਸੇ ਵੀ ਸਮੇਂ ਕਾਂਗਰਸ ਪਾਰਟੀ ’ਚ ਚੱਲ ਸਕਦੀ ਹੈ। ਨਵਜੋਤ ਸਿੱਧੂ ਇੱਕ ਭਟਕੀ ਹੋਈ ਮਿਜ਼ਾਈਲ ਹੈ, ਕਾਂਗਰਸ ਪਾਰਟੀ ਨੂੰ ਹਾਸ਼ੀਏ ’ਤੇ ਆ ਕੇ ਇਸ ਦੀ ਸਮਝ ਆਵੇਗੀ। ਜੰਮੂ ਕਸ਼ਮੀਰ ਦੇ ਹਾਲਾਤ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਇਸ ਲਈ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵੇਲੇ ਮੁੱਖ ਮੰਤਰੀ ਚੰਨੀ ਕਹਿ ਰਹੇ ਹਨ ਕਿ ਖਜ਼ਾਨੇ ਦੀ ਕੋਈ ਘਾਟ ਨਹੀਂ ਤਾਂ ਕਾਂਗਰਸ ਨੇ ਹੁਣ ਤਕ ਖ਼ਜ਼ਾਨਾ ਖਾਲੀ ਹੋਣ ਦਾ ਰੌਲਾ ਕਿਉਂ ਪਾਇਆ ਸੀ।
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ’ਚ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਪਰਵਾਸੀ ਮਜ਼ਦੂਰਾਂ ਲਈ ਐਲਾਨ ਕਰਦਿਆਂ ਕਿਹਾ ਕਿ ਜੇ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਹਰ ਮਹੀਨੇ ਦੋ ਹਜ਼ਾਰ ਰੁਪਏ ਉਨ੍ਹਾਂ ਦੇ ਖਾਤੇ ’ਚ ਪਾਏ ਜਾਣਗੇ। ਸ੍ਰੀ ਬਾਦਲ ਇੱਥੇ ਡਾਬਾ ਰੋਡ ਸਥਿਤ ਵਿਸ਼ਵਨਾਥ ਪ੍ਰਤਾਪ ਠਾਕੁਰ ਦੇ ਸਥਾਨ ’ਤੇ ਪੁੱਜੇ ਸਨ। ਉਹ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਲੁਧਿਆਣਾ ਦੱਖਣੀ ਦੇ ਉਮੀਦਵਾਰ ਹੀਰਾ ਸਿੰਘ ਗਾਬੜੀਆ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਜੋ ਵਿਕਾਸ ਹੋ ਰਿਹਾ ਹੈ, ਉਹ ਯੂਪੀ ਤੇ ਬਿਹਾਰ ਦੇ ਲੋਕ ਹੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਕਾਲੀ-ਬਸਪਾ ਦੀ ਸਰਕਾਰ ਬਣਨ ’ਤੇ ਨੀਲੇ ਕਾਰਡ ਫਿਰ ਬਣਾਏ ਜਾਣਗੇ।
ਸ਼੍ਰੋਮਦੀ ਅਕਾਲੀ ਦਲ ਨੇ ਚਾਰ ਹੋਰ ਉਮੀਦਵਾਰ ਐਲਾਨੇ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਦੇ 4 ਹੋਰ ਅਧਿਕਾਰਤ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਵਿਧਾਨ ਸਭਾ ਹਲਕਾ ਸੁਨਾਮ ਤੋਂ, ਐਸਜੀਪੀਸੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਗੋਬਿੰਦ ਸਿੰਘ ਲੌਂਗੋਵਾਲ ਲਹਿਰਾਗਾਗਾ ਤੋਂ, ਹਰਪਾਲ ਜੁਨੇਜਾ ਪਟਿਆਲਾ (ਸ਼ਹਿਰੀ) ਅਤੇ ਹਰਦੇਵ ਸਿੰਘ ਮੇਘ ਗੋਬਿੰਦਗੜ੍ਹ ਹਲਕਾ ਬੱਲੂਆਣਾ (ਰਾਖਵਾਂ) ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਅੱਜ ਐਲਾਨੇ 4 ਉਮੀਦਵਾਰਾਂ ਸਮੇਤ ਪਾਰਟੀ ਹੁਣ ਤੱਕ 74 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।