ਪੱਤਰ ਪ੍ਰੇਰਕ
ਪਟਿਆਲਾ, 2 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ‘ਆਪ’ ਆਗੂ ਗਗਨਦੀਪ ਸਿੰਘ ਚੱਢਾ ਨਮਿਤ ਅੰਤਿਮ ਅਰਦਾਸ ਮੌਕੇ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਰਧਾਂਜਲੀ ਸਮਾਗਮ ’ਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਮੌਤ ਜੀਵਨ ਦੀ ਅਟੱਲ ਸਚਾਈ ਹੈ ਪੰਤੂ ਜਿਹੜੇ ਵਿਅਕਤੀ ਆਪਣੇ ਜੀਵਨ ਵਿੱਚ ਸਮਾਜ ਪ੍ਰਤੀ ਕੁਝ ਚੰਗਾ ਕਰਕੇ ਜਾਂਦੇ ਹਨ, ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਗਗਨਦੀਪ ਸਿੰਘ ਚੱਢਾ ਦੇ ਬੱਚੇ ਦੀ ਪੜ੍ਹਾਈ ਦਾ ਖਰਚਾ ਪਾਰਟੀ ਵੱਲੋਂ ਚੁੱਕਿਆ ਜਾਵੇਗਾ।
ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੀ ਮਿਸਾਲ ਦਿੰਦਿਆਂ ਕਿਹਾ ਕਿ ਕੁਝ ਵਿਅਕਤੀਆਂ ਦੀ ਉਮਰ ਦਾ ਪੰਧ ਭਾਵੇਂ ਛੋਟਾ ਰਹਿ ਜਾਂਦਾ ਹੈ ਪ੍ਰੰਤੂ ਉਨ੍ਹਾਂ ਵੱਲੋਂ ਕੀਤੇ ਗਏ ਲਾਮਿਸਾਲ ਕੰਮਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਂਦਾ ਹੈ। ਉਨ੍ਹਾਂ ਗਗਨਦੀਪ ਸਿੰਘ ਚੱਢਾ ਨਾਲ ਆਪਣੀਆਂ ਨਿੱਜੀ ਸਾਂਝਾਂ ਨੂੰ ਯਾਦ ਕਰਦਿਆਂ ਗਗਨ ਨੂੰ ਪਾਰਟੀ ਦਾ ਇੱਕ ਸੱਚਾ ਤੇ ਇਮਾਨਦਾਰ ਸਿਪਾਹੀ ਦੱਸਦਿਆਂ ਕਿਹਾ ਕਿ ਉਸ ਦੀ ਮੌਤ ਨਾਲ ਇਕੱਲੇ ਚੱਢਾ ਪਰਿਵਾਰ ਨੂੰ ਹੀ ਵੱਡਾ ਘਾਟਾ ਨਹੀਂ ਪਿਆ ਬਲਕਿ ਆਮ ਆਦਮੀ ਪਾਰਟੀ ਵੀ ਇੱਕ ਸਮਰਪਿਤ ਆਗੂ ਤੋਂ ਵਿਰਵੀ ਹੋ ਗਈ ਹੈ।
ਇਸ ਮੌਕੇ ਗਗਨਦੀਪ ਸਿੰਘ ਚੱਢਾ ਦੀ ਪਤਨੀ ਗੁੰਜਨ ਚੱਢਾ ਅਤੇ ਭੈਣ ਰਮਨਦੀਪ ਕੌਰ ਨੇ ਵੀ ਵਿਚਾਰ ਸਾਂਝੇ ਕੀਤਾ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਦੁਰਗੇਸ਼ ਪਾਠਕ ਤੇ ਰਾਜੇਸ਼ ਕੁਮਾਰ, ਹਰਚੰਦ ਸਿੰਘ ਬਰਸਟ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ, ਵਿਧਾਇਕਾ ਨੀਨਾ ਮਿੱਤਲ, ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਸਿੰਘ ਦੇਵ ਮਾਨ, ਗੁਰਲਾਲ ਘਨੌਰ, ਕੁਲਵੰਤ ਸਿੰਘ ਬਾਜ਼ੀਗਰ, ਹਰਮੀਤ ਸਿੰਘ ਪਠਾਣਮਾਜਰਾ ਤੇ ਹੋਰ ਹਾਜ਼ਰ ਸਨ।