ਪਾਲ ਸਿੰਘ ਨੌਲੀ
ਜਲੰਧਰ, 22 ਸਤੰਬਰ
ਡੇਰਾ ਸੱਚਖੰਡ ਬੱਲਾਂ ਵਿੱਚ ਨਤਮਸਤਕ ਹੋਣ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਗੁਰੂ ਰਵਿਦਾਸ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ਨੂੰ ਸਦੀਵੀ ਕਾਇਮ ਰੱਖਣ ਲਈ 101 ਏਕੜ ਜ਼ਮੀਨ ਵਿੱਚ ਗੁਰੂ ਰਵਿਦਾਸ ਚੇਅਰ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੱਥਾ ਟੇਕਣ ਆਏ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਡੇਰੇ ਦੇ ਨਾਲ ਲੱਗਦੀ ਜ਼ਮੀਨ ਵਿੱਚ ਚੇਅਰ ਸਥਾਪਤ ਕੀਤੀ ਜਾਵੇਗੀ ਤੇ ਡੇਰੇ ਵੱਲੋਂ ਹੀ ਇਸ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਉਣ ਵਾਲੇ ਦਸ ਸਾਲਾਂ ਲਈ ਚੇਅਰ ਦੇ ਸੰਚਾਲਨ ਤੇ ਸੰਭਾਲ ਨੂੰ ਯਕੀਨੀ ਬਣਾਇਆ ਜਾਵੇਗਾ। ਸ੍ਰੀ ਚੰਨੀ ਨੇ ਆਸ ਪ੍ਰਗਟਾਈ ਕਿ ਇਹਅਤਿ-ਆਧੁਨਿਕ ਚੇਅਰ ਗੁਰੂ ਰਵਿਦਾਸ ਦੇ ਜੀਵਨ ਤੇ ਫਲਸਫੇ ’ਤੇ ਵਿਸ਼ਾਲ ਖੋਜ ਕੇਂਦਰ ਵਜੋਂ ਉਭਰੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਵੀਰਵਾਰ ਨੂੰ ਪੀਟੀਯੂ ਕਪੂਰਥਲਾ ਵਿੱਚ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਨੂੰ ਸਮਰਪਿਤ ਅਜਾਇਬ ਘਰ ਦਾ ਨੀਂਹ ਪੱਥਰ ਵੀ ਰੱਖਣਗੇ। ਇਸੇ ਤਰ੍ਹਾਂ ਰਾਜ ਵਿੱਚ ਬਾਬਾ ਸਾਹਿਬ ਦੇ ਨਾਂ ’ਤੇ ਇੱਕ ਮੈਨੇਜਮੈਂਟ ਕਾਲਜ ਵੀ ਸਥਾਪਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਡੇਰਾ ਮੁਖੀ ਸੰਤ ਨਿਰੰਜਣ ਦਾਸ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਇਕ ਨਵਾਂ ਦੌਰ ਦੇਖੇਗਾ।
‘ਜੇ ਗਰੀਬ ਦਾ ਪੁੱਤ ਜੈੱਟ ਵਿੱਚ ਬੈਠ ਗਿਆ ਤਾਂ ਵਿਰੋਧੀਆਂ ਨੂੰ ਕਾਹਦੀ ਤਕਲੀਫ਼: ਚੰਨੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਗੁਰੂ ਰਵਿਦਾਸ ਦੇ ਸ਼ਲੋਕ ਨਾਲ ਕੀਤੀ। ਉਨ੍ਹਾਂ ਕਿਹਾ ਕਿ ਉਹ ਸਮੁੱਚੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਜੈੱਟ ’ਚ ਦਿੱਲੀ ਜਾਣ ਦੇ ਮਾਮਲੇ ’ਤੇ ਟਿੱਪਣੀ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਜੇਕਰ ਗਰੀਬ ਦਾ ਪੁੱਤਰ ਜੈੱਟ ਵਿੱਚ ਬੈਠ ਗਿਆ ਤਾਂ ਵਿਰੋਧੀਆਂ ਨੂੰ ਕਾਹਦੀ ਤਕਲੀਫ ਹੋ ਰਹੀ ਹੈ? ਉਨ੍ਹਾਂ ਡੇਰੇ ਵਿੱਚ ਲੰਗਰ ਵੀ ਛਕਿਆ।