ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਭਾਜਪਾ ਉੱਤੇ ‘ਆਪ’ ਵਿਧਾਇਕਾਂ ਨੂੰ ਖ਼ਰੀਦਣ ਦੇ ਲਗਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਉੱਪਰ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਵਾਅਦੇ ਪੂਰੇ ਨਾ ਕਰਨ ’ਤੇ ਲੋਕ ਰੋਹ ਨੂੰ ਵੇਖਦਿਆਂ ਵਿੱਤ ਮੰਤਰੀ ਬੁਖਲਾਹਟ ਵਿੱਚ ਹਨ। ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਚੀਮਾ ਵੱਲੋਂ ਲਗਾਏ ਗਏ ਦੋਸ਼ ਜਾਂ ਤਾਂ ਉਹ ਸਾਬਤ ਕਰਨ ਨਹੀਂ ਤਾਂ ਭਾਰਤੀ ਜਨਤਾ ਪਾਰਟੀ ਇਸ ਖ਼ਿਲਾਫ਼ ਚੁੱਪ ਕਰ ਕੇ ਨਹੀਂ ਬੈਠੇਗੀ ਅਤੇ ਆਪਣੀ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਆਪਸੀ ਖਿੱਚੋਤਾਣ ਕਾਰਨ ਪਹਿਲਾਂ ਅਰਵਿੰਦ ਕੇਜਰੀਵਾਲ ਝੂਠ ਦਾ ਸਹਾਰਾ ਲੈ ਰਹੇ ਸਨ ਅਤੇ ਹੁਣ ਪਾਰਟੀ ਦੀ ਪੰਜਾਬ ਇਕਾਈ ਨੇ ਵੀ ਇਹ ਖੇਡ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਲੋਕਾਂ ਦਾ ਧਿਆਨ ਅਸਲ ਮਸਲਿਆਂ ਤੋਂ ਭਟਕਾਇਆ ਜਾ ਸਕੇ। ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਹਰ ਵਰਗ ਦੁਖੀ ਹੈ, ਕਿਉਂਕਿ ਸਰਕਾਰ ਨੇ ਛੇ ਮਹੀਨਿਆਂ ’ਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਆਪਣੀ ਸਰਕਾਰ ਦੌਰਾਨ ਧਰਨਾ ਨਾ ਲੱਗਣ ਦਾ ਕੀਤਾ ਗਿਆ ਐਲਾਨ ਵੀ ਖੋਖਲਾ ਸਾਬਤ ਹੋ ਰਿਹਾ ਹੈ ਕਿਉਂਕਿ ਅੱਜ ਹਰ ਵਰਗ ਵਾਅਦੇ ਪੂਰੇ ਨਾ ਹੋਣ ’ਤੇ ਸੰਘਰਸ਼ ਦੇ ਰਾਹ ਤੁਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਪਣੀ ਅਸਫ਼ਲਤਾ ’ਤੇ ਪਰਦਾ ਪਾਉਣ ਲਈ ਅਜਿਹੇ ਬਿਆਨ ਦੇ ਰਹੀ ਹੈ।
ਤਰੁਣ ਚੁੱਘ ਨੇ ਭਾਜਪਾ ’ਤੇ ਲਾਏ ਦੋਸ਼ਾਂ ਦੀ ਸੀਬੀਆਈ ਜਾਂਚ ਮੰਗੀ
ਚੰਡੀਗੜ੍ਹ (ਟਨਸ): ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰਨਾਂ ਆਗੂਆਂ ਵੱਲੋਂ ਭਾਜਪਾ ’ਤੇ ‘ਆਪ’ ਵਿਧਾਇਕਾਂ ਨੂੰ ਖਰੀਦੋ-ਫਰੋਖ਼ਤ ਲਈ ਰਿਸ਼ਵਤ ਦੇਣ ਦੇ ਲਾਏ ਦੋਸ਼ਾਂ ਸਬੰਧੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਰਾਬ ਨੀਤੀ ਨੂੰ ਲੈ ਕੇ ਸੂਬਾ ਸਰਕਾਰ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਧਿਆਨ ਹਟਾਉਣ ਲਈ ਇਹ ਡਰਾਮਾ ਰਚਿਆ ਜਾ ਰਿਹਾ ਹੈ। ਸ੍ਰੀ ਚੁੱਘ ਨੇ ਕਿਹਾ ਕਿ ‘ਆਪ’ ਸਰਕਾਰ ਫਰਜ਼ੀ ਫੋਨ ਕਾਲਾਂ ਦੇ ਆਧਾਰ ’ਤੇ ਡੀਜੀਪੀ ਨੂੰ ਸ਼ਿਕਾਇਕਾਂ ਕਰਕੇ ਗੁਮਰਾਹਕੁਨ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਵਿਧਾਇਕਾਂ ਨੂੰ ਖਰੀਦਣ ਦੇ ਦਾਅਵਿਆਂ ’ਚ ਦਮ ਹੈ ਤਾਂ ਆਮ ਆਦਮੀ ਪਾਰਟੀ ਇਹ ਸਾਰਾ ਮਾਮਲਾ ਸੀਬੀਆਈ ਨੂੰ ਦੇਵੇ, ਕਿਉਂਕਿ ਕੇਂਦਰੀ ਏਜੰਸੀ ਹੀ ਇਸ ਤੋਂ ਪਰਦਾ ਚੁੱਕ ਸਕਦੀ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਅਤੇ ਸ਼ਰਾਬ ਮਾਫੀਆ ਜਿਹੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ‘ਆਪ’ ਸਰਕਾਰ ਆਪਣੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਬੇਬੁਨਿਆਦ ਕਹਾਣੀਆਂ ਘੜ ਰਹੀ ਹੈ।