ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਸਤੰਬਰ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਸਹਿਕਾਰੀ ਕੇਂਦਰੀ ਬੈਂਕ ਦੇ ਪੰਜਾਬ ਰਾਜ ਸਹਿਕਾਰੀ ਬੈਂਕ ਨਾਲ ਰਲੇਵੇਂ ਬਾਰੇ ਪੰਜਾਬ ਦੇ ਪ੍ਰਸਤਾਵ ਦੀ ਪ੍ਰਵਾਨਗੀ ਲਈ ਕੇਂਦਰੀ ਰਿਜ਼ਰਵ ਬੈਂਕ ’ਤੇ ਦਬਾਅ ਪਾਇਆ ਜਾਵੇ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਦੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸੂਬੇ ਲਈ 20 ਜ਼ਿਲ੍ਹਾ ਸਹਿਕਾਰੀ ਕੇਂਦਰੀ ਬੈਂਕਾ ਦਾ ਢਾਂਚਾ ਢੁੱਕਵਾਂ ਨਹੀਂ ਹੈ ਤੇ ਇਸ ਤੀਹਰੀ ਪਰਤ ਵਾਲੇ ਢਾਂਚੇ ਨੂੰ ਇਸ ਬੈਂਕ ਦੇ ਪੰਜਾਬ ਰਾਜ ਸਹਿਕਾਰੀ ਬੈਂਕ ਨਾਲ ਰਲੇਵੇਂ ਸਦਕਾ ਦੋ ਪਰਤੀ ਬਣਾਏ ਜਾਣ ਨਾਲ ਪ੍ਰਸ਼ਾਸਕੀ ਸੁਧਾਰ ਤੇ ਕੁਸ਼ਲਤਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਪੀਐੱਸਸੀਬੀ ਨੂੰ 2 ਫ਼ੀਸਦ ਵਿਆਜ ਸਹਾਇਤਾ ਬਹਾਲ ਕਰਨ ਲਈ ਵੀ ਕੇਂਦਰ ਸਰਕਾਰ ’ਤੇ ਜ਼ੋਰ ਪਾਇਆ ਹੈ।