ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 19 ਦਸੰਬਰ
‘ਆਪ’ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੂੰ ਲਿਖੇ ਪੱਤਰ ਵਿੱਚ ਚੀਮਾ ਨੇ ਡੇਢ ਤੋਂ ਦੋ ਸਾਲ ਪਹਿਲਾਂ ਸੇਵਾਮੁਕਤ ਹੋਏ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਕਰੋੜਾਂ ਰੁਪਏ ਪ੍ਰਾਵੀਡੈਂਟ ਫ਼ੰਡਾਂ ਦੀ ਅਦਾਇਗੀ ਵਿੱਚ ਕੀਤੀ ਜਾ ਰਹੀ ਦੇਰੀ ਨੂੰ ਅਪਰਾਧਿਕ ਲਾਪ੍ਰਵਾਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਆਪਣੀ ਹੀ ਜ਼ਿੰਦਗੀ ਭਰ ਦੀ ਕਮਾਈ ਹਾਸਲ ਕਰਨ ਲਈ ਸੇਵਾਮੁਕਤ ਬਿਰਧ ਕਰਮਚਾਰੀ ਦਫ਼ਤਰਾਂ ਵਿੱਚ ਰੁਲ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਦਾ ਦਫ਼ਤਰੀ ਅਮਲਾ ਇੰਨਾ ਲਾਪ੍ਰਵਾਹ ਹੋ ਗਿਆ ਹੈ ਕਿ ਬਜ਼ੁਰਗ ਸ਼ਹਿਰੀ ਸੇਵਾਮੁਕਤ ਕਰਮਚਾਰੀ ਮਾਨਸਿਕ ਪੀੜਾ ਵਿੱਚੋਂ ਗੁਜ਼ਰ ਰਹੇ ਹਨ, ਪਰ ਵਿਭਾਗ ਸੇਵਾ ਦੇ ਅਧਿਕਾਰ ਕਾਨੂੰਨ ਅਤੇ ਉੱਚ ਅਦਾਲਤ ਦੀਆਂ ਹਦਾਇਤਾਂ ਨੂੰ ਵੀ ਟਿੱਚ ਜਾਣਦਾ ਹੈ।