ਬਹਾਦਰਜੀਤ ਸਿੰਘ
ਰੂਪਨਗਰ, 5 ਜੁਲਾਈ
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਹੈ ਕਿ ਬੀਤੇ ਦਿਨੀਂ ਪਿੰਡ ਪੁਰਖਾਲੀ ਵਿੱਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਡਾ. ਚੀਮਾ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰ ਕਹਿਣਾ ਗਲਤ ਹੈ। ਪਿੰਡ ਚੱਕਲਾਂ ਵਿੱਚ ਉਨ੍ਹਾਂ ਕਿਹਾ ਕਿ ਪੁਰਖਾਲੀ ਵਿੱਚ ਡਾ. ਚੀਮਾ ਦਾ ਜਿਨ੍ਹਾਂ ਕਿਸਾਨਾਂ ਨੇ ਘਿਰਾਓ ਕੀਤਾ ਸੀ, ਉਹ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨਾਲ ਜੁੜੇ ਹੋਏ ਸਨ ਅਤੇ ਇਲਾਕੇ ਦੇ ਕਿਸਾਨ ਵੀ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਬੀਤੇ ਸਮਾਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਸੀ ਕਿ ਕਿਸੇ ਵੀ ਸਿਆਸੀ ਆਗੂ ਨੂੰ ਪਿੰਡਾਂ ਵਿਚ ਆਉਣ ਨਹੀਂ ਦਿੱਤਾ ਜਾਵੇਗਾ ਪਰ ਦੂਜੇ ਦਿਨ ਹੀ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਬਦਲ ਲਿਆ ਸੀ ਅਤੇ ਕਿਹਾ ਸੀ ਕਿ ਸਿਰਫ ਭਾਜਪਾ ਅਤੇ ਇਨ੍ਹਾਂ ਦੇ ਸਹਿਯੋਗੀ ਦਲਾਂ ਦੇ ਆਗੂਆਂ ਨੂੰ ਹੀ ਪਿੰਡਾਂ ਵਿਚ ਮੀਟਿੰਗ ਕਰਨ ਆਉਣ ਨਹੀਂ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਭੰਬਲਭੂਸੇ ਕਾਰਨ ਹੀ ਡਾ. ਦਲਜੀਤ ਸਿੰਘ ਚੀਮਾ ਦਾ ਪੁਰਖਾਲੀ ਵਿੱਚ ਘਿਰਾਓ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੇ ਪੱਧਰ ਉੱਤੇ ਵੀ ਇਹ ਮਤੇ ਪਾਸ ਕੀਤੇ ਹੋਏ ਹਨ ਕਿ ਕਿਸੇ ਵੀ ਜਦੋਂ ਤੱਕ ਖੇਤੀ ਵਿਰੋਧੀ ਤਿੰਨ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪਿੰਡਾਂ ਵਿੱਚ ਚੋਣ ਪ੍ਰਚਾਰ ਜਾਂ ਮੀਟਿੰਗ ਕਰਨ ਨਹੀਂ ਆਉਣ ਦਿੱਤਾ ਜਾਵੇਗਾ।