ਗਗਨਦੀਪ ਅਰੋੜਾ
ਲੁਧਿਆਣਾ, 6 ਮਈ
‘ਆਪ’ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਪੇਸ਼ ਕੀਤੇ ਜਾਣ ਵਾਲੇ ਜਨਤਾ ਬਜਟ ਲਈ ਸਨਅਤੀ ਸ਼ਹਿਰ ਦੇ ਸਨਅਤਕਾਰਾਂ ਤੇ ਲੋਕਾਂ ਦੇ ਸੁਝਾਅ ਲੈਣ ਲਈ ਅੱਜ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲੁਧਿਆਣਾ ਪਹੁੰਚੇ। ਉਨ੍ਹਾਂ ਇਥੇ ਬੱਚਤ ਭਵਨ ਵਿੱਚ ਸਨਅਤਕਾਰਾਂ ਤੇ ਹੋਰਨਾਂ ਨਾਲ ਮੀਟਿੰਗ ਕੀਤੀ।
ਵਿੱਤ ਮੰਤਰੀ ਨੇ ਕਿਹਾ ਕਿ ਆਗਾਮੀ ‘ਜਨਤਾ ਬਜਟ’ ਬਾਰੇ ਲੋਕਾਂ ਤੋਂ ਸੁਝਾਅ ਮੰਗਣਾ ਇੱਕ ਇਤਿਹਾਸਕ ਤਬਦੀਲੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸੂਬਾ ਸਰਕਾਰ ਬਜਟ ਲਈ ਲੋਕਾਂ ਤੋਂ ਸੁਝਾਅ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਹੁਣ ਤੱਕ ਇੱਕ ਲੱਖ ਤੋਂ ਵੱਧ ਸੁਝਾਅ ਆ ਚੁੱਕੇ ਹਨ ਤੇ 10 ਮਈ ਤੱਕ ਲੋਕ ਆਪਣੇ ਸੁਝਾਅ ਈਮੇਲ ਰਾਹੀਂ ਭੇਜ ਸਕਦੇ ਹਨ।
ਸ੍ਰੀ ਚੀਮਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਸਨਅਤਾਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਸਨਅਤੀ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜੇਕਰ ਉਦਯੋਗਾਂ ਨੂੰ ਮੁੜ ਲੀਹ ’ਤੇ ਲਿਆਉਣ ਲਈ ਹੁਣ ਸਹੀ ਕਦਮ ਨਾ ਚੁੱਕੇ ਗਏ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਲੋਕ ਆਪਣੇ ਸੁਝਾਅ ਦਿੰਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਾ ਬਜਟ ਲਈ ਵੱਧ ਤੋਂ ਵੱਧ ਸਕਾਰਾਤਮਕ ਸੁਝਾਅ ਦੇਣ ਤਾਂ ਜੋ ਪੰਜਾਬ ਵਿੱਚ ਪਹਿਲੀ ਵਾਰ ਲੋਕਾਂ ਦੀ ਪਸੰਦ ਦਾ ਬਜਟ ਤਿਆਰ ਕੀਤਾ ਜਾ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਸਾਰੇ ਸੁਚਾਰੂ ਸੁਝਾਵਾਂ ਨੂੰ ਜਨਤਾ ਬਜਟ ਵਿੱਚ ਸ਼ਾਮਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੁਝਾਅ ਦੇਣ ਦੇ ਚਾਹਵਾਨ 10 ਮਈ ਤੱਕ ਪੋਰਟਲ ’ਤੇ ਜਾਂ ਈਮੇਲ ਆਈਡੀ ਰਾਹੀਂ ਬਜਟ ਦੀ ਤਿਆਰੀ ਵਿਚ ਹਿੱਸਾ ਲੈ ਸਕਦੇ ਹਨ। ਮੀਟਿੰਗ ਦੌਰਾਨ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਮਦਨ ਲਾਲ ਬੱਗਾ, ਦਲਜੀਤ ਸਿੰਘ ਗਰੇਵਾਲ (ਭੋਲਾ), ਰਾਜਿੰਦਰਪਾਲ ਕੌਰ ਛੀਨਾ, ਜੀਵਨ ਸਿੰਘ ਸੰਗੋਵਾਲ, ਹਾਕਮ ਸਿੰਘ ਠੇਕੇਦਾਰ, ਹਰਦੀਪ ਸਿੰਘ ਮੁੰਡੀਆਂ, ਕੁਲਵੰਤ ਸਿੰਘ ਸਿੱਧੂ, ਮਨਵਿੰਦਰ ਸਿੰਘ ਗਿਆਸਪੁਰਾ ਅਤੇ ਗੁਰਪ੍ਰੀਤ ਬੱਸੀ ਗੋਗੀ, ਡਾ.ਕੇ.ਐਨ.ਐਸ., ਅਮਨਦੀਪ ਸਿੰਘ ਮੋਹੀ ਮੌਜੂਦ ਸਨ।