ਜੋਗਿੰਦਰ ਸਿੰਘ ਮਾਨ
ਮਾਨਸਾ, 4 ਜੂਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦਾ ਮਾਮਲਾ ਛੇ ਦਿਨਾਂ ਬਾਅਦ ਵੀ ਨਹੀਂ ਸੁਲਝ ਸਕਿਆ ਪਰ ਮਾਨਸਾ ਪੁਲੀਸ ਨੇ ਮਾਮਲੇ ਦੀ ਤਹਿ ਨੇੜੇ ਜਾਣ ਦਾ ਦਾਅਵਾ ਕੀਤਾ ਹੈ ਅਤੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਆਰੰਭੀ ਜਾ ਚੁੱਕੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪੁਲੀਸ ਸਿੱਧੂ ਮੂਸੇਵਾਲਾ ਦੇ ਨੇੜਲੇ ਵਿਅਕਤੀਆਂ ਦੇ ਮੋਬਾਈਲਾਂ ਫੋਨਾਂ ਅਤੇ ਹਰਕਤਾਂ ਦੀ ਤਹਿ ਤੱਕ ਜਾ ਚੁੱਕੀ ਹੈ। ਇਸ ਮਾਮਲੇ ਦੀ ਜਾਂਚ ਮਾਨਸਾ ਪੁਲੀਸ ਦੇ ਨਾਲ-ਨਾਲ ‘ਸਿੱਟ’ ਵੀ ਕਰ ਰਹੀ ਹੈ, ਜਿਸਦੀ ਅਗਵਾਈ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਏਡੀਜੀਪੀ ਪ੍ਰਮੋਦ ਭਾਨ ਅਤੇ ਆਈਜੀ ਜਸਕਰਨ ਸਿੰਘ, ਏਆਈਜੀ ਗੁਰਮੀਤ ਸਿੰਘ ਚੌਹਾਨ ਸਮੇਤ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਕਰ ਰਹੇ ਹਨ। ਪੁਲੀਸ ਦਾ ਕਹਿਣਾ ਹੈ ਕਿ ਬਹੁਤ ਛੇਤੀ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇਗਾ। ਪੁਲੀਸ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਸ ਮਾਮਲੇ ’ਚ ਮਾਨਸਾ ਪੁਲੀਸ ਨੇ ਤਿੰਨ ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਹੈ ਕਿ ਪੁਲੀਸ ਨੇ ਹਰਿਆਣਾ ਦੇ ਕੁਝ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਹੈ, ਜਿਨ੍ਹਾਂ ਦੀ ਤਾਰ ਇਸ ਕਤਲ ਨਾਲ ਜੁੜੀ ਹੋ ਸਕਦੀ ਹੈ। ਅਹਿਮ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲੀਸ ਨੂੰ ਕਾਤਲਾਂ ਦੀ ਇੱਕ ਹੋਰ ਵੀਡੀਓ ਹਾਸਲ ਹੋਈ ਹੈ, ਜਿਸ ਨੂੰ ਇੱਕ ਨੌਜਵਾਨ ਨੇ ਉਸ ਵੇਲੇ ਬਣਾਇਆ ਸੀ, ਜਦੋਂ ਸ਼ੂਟਰ ਮੂਸੇਵਾਲਾ ਦੀ ਗੱਡੀ ’ਤੇ ਹਮਲਾ ਕਰ ਰਹੇ ਸਨ। ਜਦੋਂ ਹਮਲਾਵਰਾਂ ਨੇ ਰਾਹਗੀਰ ਨੌਜਵਾਨ ਨੂੰ ਵੀਡੀਓ ਬਣਾਉਂਦੇ ਦੇਖਿਆ ਤਾਂ ਉਸ ’ਤੇ ਵੀ ਫਾਇਰ ਕਰ ਦਿੱਤਾ, ਜੋ ਕੰਧ ਵਿੱਚ ਜਾ ਲੱਗਾ। ਸੂਤਰਾਂ ਅਨੁਸਾਰ ਇਸ ਕਤਲ ਕਾਂਡ ਲਈ ਹਿਰਾਸਤ ਵਿੱਚ ਲਏ ਗਏ ਤਿੰਨ ਵਿਅਕਤੀ ਮਾਨਸਾ ਨੇੜਲੇ ਪਿੰਡਾਂ ਦੇ ਦੱਸੇ ਜਾ ਰਹੇ ਹਨ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਇਸ ਕਤਲ ਨਾਲ ਬਹੁਤ ਵਿਅਕਤੀ ਜੁੜੇ ਹੋਣ ਦੀ ਸ਼ੰਕਾ ਹੈ।
ਭਾਜਪਾ ’ਚ ਸ਼ਾਮਲ ਹੋਣ ਵਾਲਾ ਰਵੀਪ੍ਰੀਤ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਚੰਡੀਗੜ੍ਹ ਲਿਆਇਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੀ ਕੱਲ੍ਹ ਮਰਹੂਮ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਸੀ। ਅੱਜ ਮੂਸੇਵਾਲਾ ਦੇ ਮਾਤਾ-ਪਿਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਵਾਸਤੇ ਚੰਡੀਗੜ੍ਹ ਪਹੁੰਚੇ। ਉਨ੍ਹਾਂ ਨੂੰ ਘਰ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਰਵੀਪ੍ਰੀਤ ਸਿੰਘ ਸਿੱਧੂ ਲੈ ਕੇ ਗਏ। ਇਲਾਕੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਨੂੰ ਲੋਕ ਰਾਜਨੀਤਿਕ ਤੌਰ ’ਤੇ ਵੇਖ ਰਹੇ ਸਨ ਪਰ ਮੂਸੇਵਾਲਾ ਦਾ ਪਰਿਵਾਰ ਅਮਿਤ ਸ਼ਾਹ ਨੂੰ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਮਿਲ ਕੇ ਵਾਪਸ ਪਿੰਡ ਪਰਤ ਆਇਆ। ਉਨ੍ਹਾਂ ਘਰ ਆ ਕੇ ਦੱਸਿਆ ਕਿ ਉਹ ਆਪਣੇ ਪੁੱਤ ਦੇ ਕਾਤਲਾਂ ਦੀ ਜਲਦੀ ਗ੍ਰਿਫ਼ਤਾਰੀ ਅਤੇ ਇਨਸਾਫ਼ ਲੈਣ ਲਈ ਹੀ ਅਮਿਤ ਸ਼ਾਹ ਨੂੰ ਮਿਲਣ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜ ਕੇ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦੋ ਦਿਨ ਪਹਿਲਾਂ ਜਦੋਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਸੁਨੀਲ ਜਾਖੜ ਘਰ ਆਏ ਸਨ ਤਾਂ ਉਨ੍ਹਾਂ ਨੂੰ ਵੀ ਇੱਕ ਲਿਖਤੀ ਪੱਤਰ ਦੇ ਕੇ ਕੇਂਦਰੀ ਏਜੰਸੀ ਵੱਲੋਂ ਪੜਤਾਲ ਕਰਨ ਦੀ ਅਪੀਲ ਕੀਤੀ ਗਈ ਸੀ। ਇਸੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਜਿਸ ਦਿਨ ਗਜੇਂਦਰ ਸਿੰਘ ਸ਼ੇਖਾਵਤ ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਸਨ, ਉਸ ਦਿਨ ਹੀ ਪਰਿਵਾਰ ਦੀ ਅਮਿਤ ਸ਼ਾਹ ਨਾਲ ਮਿਲਣੀ ਕਰਵਾਉਣੀ ਤੈਅ ਹੋ ਗਈ ਸੀ।