ਐੱਨਪੀ ਧਵਨ
ਪਠਾਨਕੋਟ, 7 ਸਤੰਬਰ
ਮੁੰਬਈ ਵਿੱਚ ਮਰਚੈਂਟ ਨੇਵੀ ’ਚ ਕੰਮ ਕਰਦਾ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਚੌਂਤਾ ਦਾ ਨੌਜਵਾਨ ਪੰਕਜ ਕੁਮਾਰ ਬੀਤੇ ਮਹੀਨੇ ਦੱਖਣੀ ਅਫਰੀਕਾ ਤੋਂ ਜਹਾਜ਼ ਲੈਣ ਗਿਆ ਗੈਵੋਨ ਬੰਦਰਗਾਹ ਤੋਂ ਲਾਪਤਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਇੱਥੇ ਸੰਸਦ ਮੈਂਬਰ ਸਨੀ ਦਿਓਲ ਦੇ ਦਫ਼ਤਰੀ ਸਕੱਤਰ ਪੰਕਜ ਜੋਸ਼ੀ ਨੂੰ ਮਿਲ ਕੇ ਦਰਖਾਸਤ ਦਿੱਤੀ ਤੇ ਵਿਦੇਸ਼ ਮੰਤਰਾਲੇ ਰਾਹੀਂ ਸੰਦੀਪ ਦੀ ਭਾਲ ਲਈ ਮਦਦ ਕਰਨ ਦੀ ਅਪੀਲ ਕੀਤੀ। ਪਿਤਾ ਬੋਧ ਰਾਜ ਨੇ ਦੱਸਿਆ ਕਿ ਉਸ ਦਾ ਬੇਟਾ ਪੰਕਜ ਕੁਮਾਰ ਮਰਚੈਂਟ ਨੇਵੀ ਦੀ ਪ੍ਰੋਐਕਟਿਵ ਸ਼ਿੱਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਕੰਪਨੀ ’ਚ ਸੈਕਿੰਡ ਇੰਜਨੀਅਰ ਵਜੋਂ ਕੰਮ ਕਰਦਾ ਸੀ। ਕੰਪਨੀ ਨੇ ਉਸ ਸਮੇਤ 17 ਮੈਂਬਰੀ ਟੀਮ ਬੀਤੀ 26 ਅਗਸਤ ਨੂੰ ਦੱਖਣੀ ਅਫਰੀਕਾ ਦੇ ਕੈਮਰੂਨ ਤੋਂ ਇੱਕ ਜਹਾਜ਼ ਲਿਆਉਣ ਲਈ ਭੇਜੀ ਸੀ। ਛੇ ਸਤੰਬਰ ਨੂੰ ਕੰਪਨੀ ਤੋਂ ਫੋਨ ਆਇਆ ਕਿ 31 ਅਗਸਤ ਨੂੰ ਜਹਾਜ਼ ਖਰਾਬ ਹੋਣ ’ਤੇ ਉਨ੍ਹਾਂ ਦੱਖਣੀ ਅਫਰੀਕਾ ਦੇ ਗੈਵੋਨ ਬੰਦਰਗਾਹ ’ਤੇ ਜਹਾਜ਼ ਠੀਕ ਕਰਵਾੳਣ ਲਈ ਖੜ੍ਹਾ ਕੀਤਾ ਸੀ। ਪੰਜ ਸੰਤਬਰ ਨੂੰ ਹਥਿਆਰਾਂ ਨਾਲ ਲੈਸ ਦੋ-ਤਿੰਨ ਲੁਟੇਰੇ ਕਿਸ਼ਤੀ ਰਾਹੀਂ ਉਨ੍ਹਾਂ ਦੇ ਜਹਾਜ਼ ’ਚ ਜਾ ਵੜੇ। ਦਾਖਲ ਹੁੰਦੇ ਸਾਰ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੋ ਜਣੇ ਜ਼ਖਮੀ ਹੋ ਗਏ। ਪੰਕਜ ਨੇ ਜਦੋਂ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉਸ ਨੂੰ ਬਾਹਰ ਸੁੱਟ ਦਿੱਤਾ। ਉਸ ਦੇ ਪਿਤਾ ਨੇ ਲੁਟੇਰਿਆਂ ਵੱਲੋਂ ਨੌਜਵਾਨ ਨੂੰ ਅਗਵਾ ਕਰਨ ਦਾ ਖਦਸ਼ਾ ਪ੍ਰਗਟਾਇਆ ਹੈ।
ਪੰਕਜ ਦਾ ਪਤਾ ਲਾਉਣ ਲਈ ਕਾਰਵਾਈ ਸ਼ੁਰੂ: ਜੋਸ਼ੀ
ਸਨੀ ਦਿਓਲ ਦੇ ਦਫ਼ਤਰੀ ਸਕੱਤਰ ਪੰਕਜ ਜੋਸ਼ੀ ਨੇ ਦੱਸਿਆ ਕਿ ਪੰਕਜ ਕੁਮਾਰ ਦਾ ਪਤਾ ਲਗਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਉਨ੍ਹਾਂ ਵਿਦੇਸ਼ ਮੰਤਰਾਲੇ ਰਾਹੀਂ ਭਾਰਤੀ ਦੂਤਘਰ ਨੂੰ ਪੱਤਰ ਭੇਜ ਦਿੱਤਾ ਹੈ।