ਪਾਲ ਸਿੰਘ ਨੌਲੀ
ਜਲੰਧਰ, 30 ਮਈ
ਇੱਥੋਂ ਦੇ ਇੱਕ ਚੈਰੀਟੇਬਲ ਹਸਪਤਾਲ ਨੇ ਇਨਸਾਨੀਅਤ ਨੂੰ ੳਦੋਂ ਸ਼ਰਮਸਾਰ ਕਰ ਦਿੱਤਾ ਜਦੋਂ ਇੱਕ ਪਰਵਾਸੀ ਮਜ਼ਦੂਰ ਵੱਲੋਂ 1800 ਰੁਪਏ ਦੇ ਬਿੱਲ ਦਾ ਭੁਗਤਾਨ ਨਾ ਕਰਨ ’ਤੇ ਹਸਪਤਾਲ ਦੇ ਪ੍ਰਬੰਧਕਾਂ ਨੇ ਉਸ ਦੀ 12 ਸਾਲਾਂ ਦੀ ਧੀ ਦੀ ਲਾਸ਼ ਦੇਣ ਤੋਂ ਨਾਂਹ ਕਰ ਦਿੱਤੀ। ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਬੱਗਾ ਨੇ ਜਦੋਂ ਹਸਪਤਾਲ ਜਾ ਕੇ ਇਸ ਦਾ ਵਿਰੋਧ ਕੀਤਾ ਤਾਂ ਹਸਪਤਾਲ ਦੇ ਪ੍ਰਬੰਧਕਾਂ ਨੇ ਬਿਨਾ ਪੈਸੇ ਲਏ ਲੜਕੀ ਦੀ ਲਾਸ਼ ਦੇ ਦਿੱਤੀ।
ਮੁਹੱਲਾ ਕਰਾਰ ਖਾਂ ਦੇ ਰਹਿਣ ਵਾਲੇ ਪਰਵਾਸੀ ਮਜ਼ਦੂਰ ਵਿਜੈ ਕੁਮਾਰ ਨੇ ਦੱਸਿਆ ਕਿ ਉਸ ਦੀ ਧੀ ਦਿਸ਼ਾ ਨੂੰ ਬੁਖਾਰ ਚੜ੍ਹਿਆ ਸੀ। ਉਸ ਦੀ ਤਬੀਅਤ ਜ਼ਿਆਦਾ ਵਿਗੜ ਗਈ ਤਾਂ ਉਸ ਨੂੰ ਲੰਘੇ ਸ਼ੁੱਕਰਵਾਰ ਇੱਥੋਂ ਦੇ ਇਕ ਚੈਰੀਟੇਬਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਲੜਕੀ ਦਾ ਇਲਾਜ ਚੱਲ ਰਿਹਾ ਸੀ ਤੇ ਇਸ ਦੌਰਾਨ ਲੰਘੇ ਕੱਲ੍ਹ ਉਸ ਦੀ ਮੌਤ ਹੋ ਗਈ। ਹਸਪਤਾਲ ਨੇ ਉਸ ਦੇ ਇਲਾਜ ਦਾ 7300 ਰੁਪਏ ਦਾ ਬਿੱਲ ਬਣਾ ਦਿੱਤਾ। ਵਿਜੈ ਕੁਮਾਰ ਨੇ ਦੱਸਿਆ ਕਿ ਬਿੱਲ ਦੀ ਰਾਸ਼ੀ ਦਾ ਉਸ ਨੇ ਭੁਗਤਾਨ ਵੀ ਕਰ ਦਿੱਤਾ ਸੀ ਪਰ ਜਦੋਂ ਉਹ ਆਪਣੀ ਧੀ ਦੀ ਲਾਸ਼ ਲੈਣ ਗਿਆ ਤਾਂ ਹਸਪਤਾਲ ਦੇ ਸਟਾਫ਼ ਨੇ ਉਸ ਨੂੰ ਕਿਹਾ ਕਿ ਦਵਾਈਆਂ ਦੇ 1800 ਰੁਪਏ ਬਕਾਇਆ ਹਨ ਤੇ ਉਹ 1800 ਰੁਪਏ ਦੇ ਕੇ ਆਪਣੀ ਲੜਕੀ ਦੀ ਲਾਸ਼ ਲੈ ਜਾਵੇ। ਪਰਵਾਸੀ ਮਜ਼ਦੂਰ ਨੇ ਦੱਸਿਆ ਕਿ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਸਾਰੀ ਗੱਲ ਦੱਸੀ ਪਰ ਹਸਪਤਾਲ ਵਾਲੇ ਟੱਸ ਤੋਂ ਮੱਸ ਨਹੀਂ ਹੋਏ।
ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਬੱਗਾ ਨੇ ਦੱਸਿਆ ਕਿ ਇਸ ਗੱਲ ਦਾ ਪਤਾ ਲੱਗਣ ’ਤੇ ਜਦੋਂ ਉਹ ਸਾਥੀਆਂ ਸਮੇਤ ਪਰਵਾਸੀ ਮਜ਼ਦੂਰ ਦੀ ਮਦਦ ਲਈ ਮੌਕੇ ’ਤੇ ਪਹੁੰਚੇ ਤਾਂ ਹਸਪਤਾਲ ਦੇ ਪ੍ਰਬੰਧਕਾਂ ਨੇ ਬਿਨਾ ਪੈਸੇ ਲਏ ਹੀ ਲੜਕੀ ਦੀ ਲਾਸ਼ ਦੇ ਦਿੱਤੀ। ਸ੍ਰੀ ਬੱਗਾ ਨੇ ਦੱਸਿਆ ਕਿ ਪਰਵਾਸੀ ਮਜ਼ਦੂਰ ਨੇ ਤਾਂ ਆਪਣੇ ਰਿਸ਼ਤੇਦਾਰਾਂ ਕੋਲੋਂ 1300 ਰੁਪਏ ਦਾ ਇੰਤਜ਼ਾਮ ਕਰ ਲਿਆ ਸੀ ਪਰ ਹਸਪਤਾਲ ਦਾ ਸਟਾਫ 1800 ਰੁਪਏ ਲੈਣ ’ਤੇ ਅੜਿਆ ਰਿਹਾ। ਉਨ੍ਹਾਂ ਕਿਹਾ ਕਿ ਇਸ ਚੈਰੀਟੇਬਲ ਹਸਪਤਾਲ ਨੂੰ ਪਰਵਾਸੀ ਪੰਜਾਬੀਆਂ ਤੋਂ ਵੱਡੀ ਪੱਧਰ ’ਤੇ ਮੱਦਦ ਮਿਲਦੀ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਗਰੀਬਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।