ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 13 ਅਕਤੂਬਰ
ਮੁਹਾਲੀ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਹੋਏ ਰਾਕੇਟ ਪ੍ਰੋਪੈਲਡ ਗਰੇਨੇਡ (ਆਰਪੀਜੀ) ਹਮਲੇ ਦਾ ਮੁੱਖ ਮੁਲਜ਼ਮ ਚੜ੍ਹਤ ਸਿੰਘ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਚੜ੍ਹਤ ਸਿੰਘ ਨੂੰ ਅੱਜ ਦੇਰ ਸ਼ਾਮ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਧਰ, ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਨੇ ਐਨਡੀਪੀਐਸ ਅਤੇ ਅਸਲਾ ਐਕਟ ਤਹਿਤ ਦਰਜ ਇੱਕ ਪੁਰਾਣੇ ਵਿੱਚ ਕੇਸ ਵਿੱਚ ਚੜ੍ਹਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਸਪੈਸ਼ਲ ਅਪਰੇਸ਼ਨ ਸੈੱਲ ਹੁਣ ਵੱਖਰੇ ਤੌਰ ’ਤੇ ਪੁੱਛਗਿੱਛ ਕਰੇਗਾ। ਚੜ੍ਹਤ ਸਿੰਘ, ਵਿਦੇਸ਼ ਵਿੱਚ ਬੈਠ ਕੇ ਅਪਰਾਧਿਕ ਗਤੀਵਿਧੀਆਂ ਚਲਾਉਣ ਵਾਲੇ ਖੂੰਖਾਰ ਗੈਂਗਸਟਰ ਤੋਂ ਅਤਿਵਾਦੀ ਬਣੇ ਲਖਬੀਰ ਲੰਡਾ ਦਾ ਕਰੀਬੀ ਸਾਥੀ ਹੈ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਇਸ ਕਾਰਵਾਈ ਨੂੰ ਕੌਮੀ ਜਾਂਚ ਏਜੰਸੀ ਅਤੇ ਏਟੀਐਸ ਮਹਾਰਾਸ਼ਟਰ ਨਾਲ ਮਿਲ ਕੇ ਸਾਂਝੇ ਅਪਰੇਸ਼ਨ ਦੌਰਾਨ ਅੰਜਾਮ ਦਿੱਤਾ ਹੈ। ਪਿਛਲੇ ਦਿਨੀਂ ਸੋਹਾਣਾ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਅਦਾਲਤ ਵਿੱਚ 272 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਸੀ।
ਬੀਤੀ 9 ਮਈ ਨੂੰ ਪੌਣੇ ਅੱਠ ਵਜੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰਪੀਜੀ ਨਾਲ ਹਮਲਾ ਕੀਤਾ ਗਿਆ ਸੀ। ਪੁਲੀਸ ਅਨੁਸਾਰ ਚੜ੍ਹਤ ਸਿੰਘ ਇਸ ਹਮਲੇ ਦਾ ਮੁੱਖ ਸੰਚਾਲਕ ਹੈ। ਮੁਲਜ਼ਮ ਨੇ ਲੰਡਾ ਦੀ ਮਦਦ ਨਾਲ ਪੰਜਾਬ ਭਰ ਵਿੱਚ ਇੱਕ ਮਜ਼ਬੂਤ ਅਪਰਾਧ ਨੈੱਟਵਰਕ ਬਣਾਇਆ ਹੋਇਆ ਸੀ ਅਤੇ ਆਰਪੀਜੀ ਹਮਲੇ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਲੌਜਿਸਟਿਕ ਸਹਾਇਤਾ ਅਤੇ ਪਨਾਹ ਦਿੰਦਾ ਰਿਹਾ ਸੀ।
ਕਤਲ ਕੇਸ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹੈ ਚੜ੍ਹਤ
ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਚੜ੍ਹਤ ਸਿੰਘ ਇੱਕ ਆਦਤਨ ਅਪਰਾਧੀ ਹੈ ਅਤੇ ਉਹ ਪੰਜਾਬ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਕਈ ਘਿਣਾਉਣੇ ਅਪਰਾਧਾਂ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਮੁਲਜ਼ਮ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ ਅਤੇ ਆਰਪੀਜੀ ਹਮਲੇ ਸਮੇਂ ਉਹ ਪੈਰੋਲ ’ਤੇ ਬਾਹਰ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੜ੍ਹਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਰਚ 2015 ਵਿੱਚ ਤਰਨਤਾਰਨ ਦੇ ਖੇਮਕਰਨ ਵਿੱਚ ਇੱਕ ਦੁਕਾਨਦਾਰ ਸ਼ਸ਼ੀ ਕਪੂਰ ਦਾ ਕਤਲ ਕਰ ਦਿੱਤਾ ਸੀ। ਮੁਲਜ਼ਮ ਨੇ ਆਪਣੀ ਪੈਰੋਲ ਦੌਰਾਨ ਆਰਪੀਜੀ ਹਮਲਾ ਜਿਸਦਾ ਉਦੇਸ਼ ਸੂਬੇ ਵਿੱਚ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਨੂੰ ਭੰਗ ਕਰਨਾ ਸੀ, ਨੂੰ ਅੰਜਾਮ ਦੇਣ ਲਈ ਤਰਨਤਾਰਨ ਖੇਤਰ ਤੋਂ ਨਿਸ਼ਾਨ ਕੁੱਲਾ ਅਤੇ ਹੋਰਨਾਂ ਸਮੇਤ ਆਪਣੇ ਸਾਥੀਆਂ ਨੂੰ ਦੁਬਾਰਾ ਇਕੱਠਾ ਕੀਤਾ ਗਿਆ।