ਚਰਨਜੀਤ ਭੁੱਲਰ
ਚੰਡੀਗੜ੍ਹ, 20 ਸਤੰਬਰ
ਮੁੱਖ ਅੰਸ਼
- ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ’ਚ ਕਿਸਾਨਾਂ ਨਾਲ ਖੜ੍ਹਨ ਦਾ ਵਚਨ ਦਿੱਤਾ
- ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਸੰਘਰਸ਼ ਦੇ ਰਾਹ ਪਏ ਮੁਲਾਜ਼ਮਾਂ ਨੂੰ ਹੜਤਾਲ ਖ਼ਤਮ ਕਰਨ ਦੀ ਅਪੀਲ
-
ਪੰਜਾਬ ਦੇ ਲੋਕਾਂ ਦੇ ਘਰੇਲੂ ਪਾਣੀ ਤੇ ਸੀਵਰੇਜ ਦੇ ਬਿੱਲ ਹੋਣਗੇ ਮੁਆਫ਼
-
ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ; ਕਿਸੇ ਗਰੀਬ ਦਾ ਬਿਜਲੀ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ
-
ਰੇਤ ਮਾਫੀਆ ਨੂੰ ਿਦੱਤੀ ਚਿਤਾਵਨੀ
ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਰਾਜ ਭਵਨ ਵਿੱਚ ਪੰਜਾਬ ਦੇ 16ਵੇਂ ਤੇ ਸੂਬੇ ਦੇ ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਹਲਫ਼ ਲਿਆ| ਇਥੇ ਰਾਜ ਭਵਨ ਵਿੱਚ ਸੰਖੇਪ ਤੇ ਸਾਦੇ ਹਲਫ਼ਦਾਰੀ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ| ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ.ਸੋਨੀ ਨੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਹਲਫ਼ਦਾਰੀ ਸਮਾਗਮ ਦੀ ਐਨ ਸਮਾਪਤੀ ਮੌਕੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਉਚੇਚੇ ਤੌਰ ’ਤੇ ਰਾਜ ਭਵਨ ਪਹੁੰਚੇ ਜਦੋਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੈਰਹਾਜ਼ਰ ਰਹੇ।
ਚਰਨਜੀਤ ਸਿੰਘ ਚੰਨੀ ਨੇ ਹਲਫ਼ ਲੈਂਦਿਆਂ ਸਾਰ ਹੀ ਆਪਣਾ ਕੰਮ ਸੰਭਾਲ ਲਿਆ ਹੈ| ਉਨ੍ਹਾਂ ਨੇ ਬਿਨਾਂ ਕੋਈ ਪਲ ਗੁਆਏ ਪੰਜਾਬ ਪ੍ਰਤੀ ਆਪਣੀ ਮਨਸ਼ਾ ਨੂੰ ਸਾਫ ਕਰ ਦਿੱਤਾ ਅਤੇ ਫੈਸਲੇ ਲੈਣ ਦਾ ਮਹੂਰਤ ਕਰ ਦਿੱਤਾ| ਅੱਜ ਹਲਫ਼ਦਾਰੀ ਸਮਾਗਮ ’ਚ ਪਹਿਲੋਂ ਉਪ ਮੁੱਖ ਮੰਤਰੀ ਵਜੋਂ ਬ੍ਰਹਮ ਮਹਿੰਦਰਾ ਨੂੰ ਵੀ ਸਹੁੰ ਚੁਕਾਈ ਜਾਣੀ ਸੀ, ਪਰ ਰਾਤੋ-ਰਾਤ ਫੇਰਬਦਲ ਕਰਕੇ ਉਨ੍ਹਾਂ ਦੀ ਥਾਂ ਓ.ਪੀ.ਸੋਨੀ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ| ਪਤਾ ਲੱਗਾ ਹੈ ਕਿ ਬ੍ਰਹਮ ਮਹਿੰਦਰਾ ਨੂੰ ਕੋਈ ਹੋਰ ਅਹਿਮ ਜ਼ਿੰਮੇਵਾਰੀ ਦਿੱਤੀ ਜਾਣੀ ਹੈ|
ਕਾਂਗਰਸ ਹਾਈਕਮਾਨ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਤਵਾਜ਼ਨ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ| ਦਲਿਤ ਭਾਈਚਾਰੇ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ ਜਦੋਂ ਕਿ ਹਿੰਦੂ ਭਾਈਚਾਰੇ ’ਚੋਂ ਓ.ਪੀ.ਸੋਨੀ ਅਤੇ ਜੱਟ ਸਿੱਖ ਵਰਗ ’ਚੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਰਾਜ ਭਵਨ ਵਿਚ ਹੋਏ ਸਮਾਗਮ ਵਿੱਚ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਹਰੀਸ਼ ਚੌਧਰੀ, ਅਜੈ ਮਾਕਨ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਡੈਨੀ ਤੋਂ ਇਲਾਵਾ ਪਾਰਟੀ ਦੇ ਵਿਧਾਇਕ ਤੇ ਸਾਬਕਾ ਵਜ਼ੀਰ ਵੀ ਸ਼ਾਮਲ ਸਨ| ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਜ ਭਵਨ ’ਚ ਦੇਰ ਨਾਲ ਪਹੁੰਚੇ ਜਦੋਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੌਕੇ ਗੈਰਹਾਜ਼ਰ ਰਹੇ| ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਅੱਜ ਰਾਹੁਲ ਗਾਂਧੀ ਸਮੇਤ ਸਾਰੇ ਆਗੂਆਂ ਨੇ ਵਧਾਈ ਦਿੱਤੀ| ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਅੱਜ ਸ਼ਿਮਲਾ ਜਾਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਚੰਡੀਗੜ੍ਹ ਹਵਾਈ ਅੱਡੇ ’ਤੇ ਰੁਕੇ।
ਪਾਰਟੀ ਹਾਈਕਮਾਨ ਨੇ ਚਰਨਜੀਤ ਚੰਨੀ ਨੂੰ ਦਲਿਤ ਤੇ ਸਿੱਖ ਚਿਹਰੇ ਵਜੋਂ ਪੇਸ਼ ਕਰਕੇ ਪੰਜ ਸੂਬਿਆਂ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਦਲਿਤ ਵੋਟ ਬੈਂਕ ਨੂੰ ਨਾਲ ਜੋੜਨ ਅਤੇ ਵਿਰੋਧੀਆਂ ਨੂੰ ਸਿਆਸੀ ਝਟਕਾ ਦੇਣ ਦੀ ਰਣਨੀਤੀ ਖੇਡੀ ਹੈ| ਹਲਫ਼ ਲੈਣ ਤੋਂ ਪਹਿਲਾਂ ਚਰਨਜੀਤ ਚੰਨੀ ਨੇ ਆਪਣੇ ਹਲਕੇ ਚਮਕੌਰ ਸਾਹਿਬ ਦੇ ਗੁਰੂ ਘਰਾਂ ਵਿਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ| ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੀ ਪਲੇਠੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਉਹ ਆਮ ਆਦਮੀ ਹਨ ਤੇ ਆਮ ਆਦਮੀ ਦੀ ਸਰਕਾਰ ਬਣੀ ਹੈ ਜਦੋਂ ਕਿ ਦੂਜੀਆਂ ਸਿਆਸੀ ਧਿਰਾਂ ਆਮ ਆਦਮੀ ਬਾਰੇ ਸਿਰਫ ਗੱਲਾਂ ਕਰਦੀਆਂ ਹਨ| ਮੁੱਖ ਮੰਤਰੀ ਨੇ ਕਿਹਾ ਕਿ ਉਹ ਆਮ ਆਦਮੀ ਦੇ ਨੁਮਾਇੰਦੇ ਹਨ, ਜੋ ਇਸ ਅਹੁਦੇ ’ਤੇ ਪੁੱਜੇ ਹਨ| ਚੰਨੀ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਪ੍ਰੈੱਸ ਕਾਨਫਰੰਸ ਦਾ ਆਗਾਜ਼ ਕੀਤਾ ਤੇ ਗੁਰਬਾਣੀ ਦੀਆਂ ਤੁਕਾਂ ਦੇ ਹਵਾਲੇ ਵੀ ਦਿੱਤੇ|
ਮੁੱਖ ਮੰਤਰੀ ਚੰਨੀ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਤੋਹਫਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਘਰੇਲੂ ਪਾਣੀ ਤੇ ਸੀਵਰੇਜ ਦੇ ਬਿੱਲ ਮੁਆਫ ਹੋਣਗੇ ਅਤੇ ਰਾਜ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ| ਉਨ੍ਹਾਂ 18 ਨੁਕਾਤੀ ਏਜੰਡੇ ਦੀ ਗੱਲ ਕਰਦਿਆਂ ਕਿਹਾ ਕਿ ਡਿਫਾਲਟਰ ਹੋਣ ਕਰਕੇ ਕਿਸੇ ਗਰੀਬ ਦਾ ਬਿਜਲੀ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ| ਉਨ੍ਹਾਂ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ’ਚ ਕੁੱਦੇ ਕਿਸਾਨਾਂ ਨਾਲ ਖੜ੍ਹਨ ਦਾ ਵਚਨ ਦਿੱਤਾ ਅਤੇ ਇੱਥੋਂ ਤੱਕ ਕਿਹਾ ਕਿ ਕਿਸਾਨੀ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ| ਉਨ੍ਹਾਂ ਖੇਤੀ ਕਾਨੂੰਨ ਵਾਪਸ ਲੈਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ| ਮੁੱਖ ਮੰਤਰੀ ਚੰਨੀ ਨੇ ਮਾਫੀਆ ਰਾਜ ਦੇ ਖਾਤਮੇ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਰੇਤ ਮਾਫੀਆ ਦੇ ਲੋਕ ਨਾ ਆਉਣ। ਮੁੱਖ ਮੰਤਰੀ ਨੇ ਪੰਜਾਬ ਦੇ ਅੰਦੋਲਨਕਾਰੀ ਮੁਲਾਜ਼ਮਾਂ ਨੂੰ ਹੜਤਾਲ ਤੋਂ ਵਾਪਸ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਅਤੇ ਮੁਲਾਜ਼ਮਾਂ ਦੇ ਬਕਾਏ ਕਲੀਅਰ ਕੀਤੇ ਜਾਣਗੇ, ਪਰ ਉਨ੍ਹਾਂ ਮੁਲਾਜ਼ਮ ਵਰਗ ਤੋਂ ਥੋੜ੍ਹਾ ਸਮਾਂ ਮੰਗਿਆ ਹੈ| ਮੁੱਖ ਮੰਤਰੀ ਨੇ ਪਾਰਟੀ ਹਾਈਕਮਾਨ ਅਤੇ ਸਾਥੀ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਅਧੂਰੇ ਰਹਿ ਗਏ ਕੰਮ ਪੂਰੇ ਕੀਤੇ ਜਾਣਗੇ| ਪਾਰਟੀ ਆਗੂਆਂ ਨੇ ਨਵੇਂ ਮੁੱਖ ਮੰਤਰੀ ਦਾ ਮੂੰਹ ਵੀ ਮਿੱਠਾ ਕਰਵਾਇਆ|
ਮੁੱਖ ਮੰਤਰੀ ਚੰਨੀ ਪਰਗਟ ਸਿੰਘ ਦੇ ਘਰ ਗਏ
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਦੁਪਹਿਰ ਦਾ ਖਾਣਾ ਵਿਧਾਇਕ ਅਤੇ ਪਾਰਟੀ ਦੇ ਜਨਰਲ ਸਕੱਤਰ ਪਰਗਟ ਸਿੰਘ ਦੇ ਘਰ ਖਾਧਾ| ਇਸ ਮੌਕੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਵੀ ਮੌਜੂਦ ਸਨ| ਅਮਰਿੰਦਰ ਸਿੰਘ ਨੇ ਵੀ ਮੁੱਖ ਮੰਤਰੀ ਚੰਨੀ ਨੂੰ ਦੁਪਹਿਰ ਦੇ ਖਾਣੇ ਦਾ ਸੱਦਾ ਦਿੱਤਾ ਸੀ ਪਰ ਅੱਜ ਚੰਨੀ ਨੇ ਪਰਗਟ ਸਿੰਘ ਦੇ ਖਾਣੇ ਨੂੰ ਤਰਜੀਹ ਦਿੱਤੀ।
ਗੱਲਾਂ ਨਹੀਂ, ਕੰਮ ਕਰਾਂਗੇ: ਰੰਧਾਵਾ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ ਮਿਲਣਾ ਆਸਾਨ ਹੋ ਗਿਆ ਹੈ| ਰੰਧਾਵਾ ਨੇ ਕਿਹਾ ਕਿ ਹੁਣ ਗੱਲਾਂ ਨਹੀਂ, ਕੰਮ ਕਰਾਂਗੇ| ਉਨ੍ਹਾਂ ਦੱਸਿਆ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਘੱਟ ਸੁਰੱਖਿਆ ਲੈਣ ਦਾ ਫੈਸਲਾ ਕੀਤਾ ਹੈ ਤਾਂ ਜੋ ‘ਆਮ ਆਦਮੀ’ ਵਜੋਂ ਵਿਚਰ ਸਕਣ| ਉਨ੍ਹਾਂ ਕਿਹਾ ਕਿ ਉਹ ਥੋੜ੍ਹੇ ਸਮੇਂ ਵਿਚ ਵਧੇਰੇ ਚੰਗੀ ਕਾਰਗੁਜ਼ਾਰੀ ਦਿਖਾਉਣਗੇ| ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਨੇ ਵੀ ਕਿਹਾ ਕਿ ਹੁਣ ਗੱਲਾਂ ਕਰਨ ਦਾ ਵਕਤ ਨਹੀਂ, ਪੰਜਾਬ ਦੇ ਲੋਕਾਂ ਨੂੰ ਕਾਰਗੁਜ਼ਾਰੀ ਦਿਖਾਉਣ ਦਾ ਵੇਲਾ ਹੈ|
ਚੰਨੀ ਨੇ ਸਕੱਤਰੇਤ ’ਚ ਪਲੇਠੀ ਮੀਟਿੰਗ ਕੀਤੀ
ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਦੁਪਹਿਰ ਵੇਲੇ ਸਿਵਲ ਸਕੱਤਰੇਤ ’ਚ ਆਪਣੇ ਦਫ਼ਤਰ ਵਿਚ ਪੁੱਜੇ| ਉਨ੍ਹਾਂ ਨੇ ਗੈਰਰਸਮੀ ਪਲੇਠੀ ਮੀਟਿੰਗ ਕੀਤੀ ਜਿਸ ਵਿਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਤੋਂ ਇਲਾਵਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਤੇ ਸੁਖਵਿੰਦਰ ਡੈਨੀ ਤੋਂ ਇਲਾਵਾ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸੀਨੀਅਰ ਅਧਿਕਾਰੀ ਰਵਨੀਤ ਕੌਰ ਹਾਜ਼ਰ ਸਨ| ਮੁੱਖ ਮੰਤਰੀ ਨੇ ਅੱਜ ਪ੍ਰਬੰਧਕੀ ਅਧਿਕਾਰੀਆਂ ਨੂੰ ਆਪੋ-ਆਪਣੇ ਵਿਭਾਗਾਂ ਬਾਰੇ ਸੰਖੇਪ ਬਣਾ ਕੇ ਲਿਆਉਣ ਲਈ ਕਿਹਾ| ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕਰਕੇ ਵਧਾਈ ਦਿੱਤੀ|
ਜਦੋਂ ਚੰਨੀ ਦੀਆਂ ਅੱਖਾਂ ਤੇ ਗੱਚ ਭਰ ਆਇਆ
ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਆਪਣੇ ਪਿਛੋਕੜ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ। ਉਨ੍ਹਾਂ ਆਪਣੇ ਮਾਪਿਆਂ ਵੱਲੋਂ ਕੀਤੀ ਮਿਹਨਤ ਮੁਸ਼ੱਕਤ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਿਸ ਘਰ ’ਚ ਉਹ ਪੈਦਾ ਹੋਏ ਹਨ, ਉਸ ਘਰ ਵਿਚ ਛੱਤ ਵੀ ਨਹੀਂ ਸੀ। ਚੰਨੀ ਨੇ ਇਸ ਮੌਕੇ ਆਪਣੇ ਆਪ ਨੂੰ ਰਿਕਸ਼ਾ ਚਲਾਉਣ ਵਾਲਿਆਂ ਦਾ ਨੁਮਾਇੰਦਾ ਵੀ ਆਖਿਆ। ਪੁਰਾਣੇ ਦਿਨਾਂ ਨੂੰ ਚੇਤੇ ਕਰਕੇ ਚੰਨੀ ਦੀਆਂ ਅੱਖਾਂ ਤੇ ਗੱਚ ਦੋਵੇਂ ਭਰ ਆਏ।
ਅਰਸੇ ਬਾਅਦ ਆਸ ਬੱਝੀ: ਸਿੱਧੂ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ 18 ਨੁਕਾਤੀ ਏਜੰਡੇ ’ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਅਰਸੇ ਬਾਅਦ ਨਵੀਂ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਹੁਣ ਨਵਾਂ ਇਤਿਹਾਸ ਸਿਰਜਿਆ ਜਾਵੇਗਾ। ਆਸ ਤੇ ਵਿਸਵਾਸ਼ ਦੀ ਸਿਆਸਤ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਪੰਜ ਨੁਕਾਤੀ ਪ੍ਰੋਗਰਾਮ ਨੂੰ ਅੱਜ ਤੋਂ ਹੀ ਬੂਰ ਪੈਣਾ ਸ਼ੁਰੂ ਹੋ ਜਾਵੇਗਾ| ਉਨ੍ਹਾਂ ਕਿਹਾ ਕਿ ਬਿਜਲੀ ਸਮਝੌਤੇ, ਸਸਤੀ ਬਿਜਲੀ ਸਮੇਤ ਕੁਝ ਮੁੱਦੇ ਤਰਜੀਹੀ ਰਹਿਣਗੇ।
ਅਮਰਿੰਦਰ ਉਡੀਕਦੇ ਰਹੇ
ਮੁੱਖ ਮੰਤਰੀ ਚਰਨਜੀਤ ਚੰਨੀ ਦਾ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਸਵਾਂ ਫਾਰਮ ਹਾਊਸ ’ਤੇ ਮਿਲਣ ਦਾ ਪ੍ਰੋਗਰਾਮ ਸੀ। ਫੋਨ ਕਰਨ ’ਤੇ ਅਮਰਿੰਦਰ ਸਿੰਘ ਨੇ ਲੰਚ ’ਤੇ ਆਉਣ ਲਈ ਆਖ ਦਿੱਤਾ ਸੀ। ਪਤਾ ਲੱਗਾ ਹੈ ਕਿ ਕੁਝ ਸਮੇਂ ਮਗਰੋਂ ਮੁੱਖ ਮੰਤਰੀ ਚੰਨੀ ਨੇ ਭਲਕੇ ਮੰਗਲਵਾਰ ਨੂੰ ਅਮਰਿੰਦਰ ਸਿੰਘ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਲਿਆ। ਸੂਤਰ ਆਖਦੇ ਹਨ ਕਿ ਰਾਹੁਲ ਗਾਂਧੀ ਅਤੇ ਹੋਰਨਾਂ ਆਗੂਆਂ ਦੇ ਵੀ ਅਮਰਿੰਦਰ ਸਿੰਘ ਨੂੰ ਮਿਲਣ ਦੇ ਚਰਚੇ ਸਨ, ਪਰ ਕੋਈ ਕੇਂਦਰੀ ਆਗੂ ਅਮਰਿੰਦਰ ਦੀ ਰਿਹਾਇਸ਼ ’ਤੇ ਨਹੀਂ ਗਿਆ।