ਸੰਜੀਵ ਬੱਬੀ
ਚਮਕੌਰ ਸਾਹਿਬ, 12 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕੇ ਵਿੱਚ ਚੋਣ ਪ੍ਰਚਾਰ ਤੇਜ਼ ਕਰਦਿਆਂ ਪਿੰਡ ਸਲੇਮਪੁਰ, ਰੁੜਕੀ, ਪਿੱਪਲ ਮਾਜਰਾ, ਅਮਰਾਲੀ, ਸੰਧੂਆਂ, ਭਲਿਆਣ ਅਤੇ ਭੈਰੋਮਾਜਰਾ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਨ ’ਤੇ ਛੇ ਮਹੀਨਿਆਂ ਵਿੱਚ ਕਿਸੇ ਦੇ ਘਰ ਦੀ ਛੱਤ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਜੋ ਅਮੀਰ ਲੋਕ ਮਾਣਦੇ ਹਨ। ਉਨ੍ਹਾਂ ਕਿਹਾ ਕਿ ਪੂਰੇ ਚਮਕੌਰ ਸਾਹਿਬ ਹਲਕੇ ਵਿੱਚ ਇੱਕ ਹਜ਼ਾਰ ਕਰੋੜ ਰੁਪਏ ਦੀਆਂ ਗਰਾਂਟਾਂ ਨਾਲ ਹਰ ਪਿੰਡ ਕਸਬੇ ਵਿੱਚ ਵਿਕਾਸ ਦੀ ਲਹਿਰ ਦੌੜ ਰਹੀ ਹੈ, ਜਿਸ ਨੂੰ ਜਾਰੀ ਰੱਖਣ ਲਈ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਬੜਾ ਰੌਲਾ ਪੈ ਰਿਹਾ ਹੈ ਪਰ ਝਾੜੂ ਨੂੰ ਸੂਬੇ ਤੋਂ ਦੂਰ ਰੱਖਣਾ ਜ਼ਰੂਰੀ ਹੈ ਕਿਉਂਕਿ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜੇਕਰ ਘਰ ਵਿੱਚ ਝਾੜੂ ਖੜ੍ਹਾ ਹੈ ਤਾਂ ਉਹ ਕਲੇਸ਼ ਦੀ ਜੜ੍ਹ ਹੈ। ਫਿਲਮੀ ਅਦਾਕਾਰ ਯੋਗਰਾਜ ਸਿੰਘ ਨੇ ਲੋਕਾਂ ਨੂੰ ਵੱਡੇ ਅੰਤਰ ਨਾਲ ਸ੍ਰੀ ਚੰਨੀ ਨੂੰ ਜਿਤਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਚੰਨੀ ਨੇ ਪਿੰਡ ਰੁੜਕੀ ਅਤੇ ਸੰਧੂਆਂ ਵਿੱਚ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੋਕਾਂ ਤੋਂ ਵੋਟਾਂ ਦੀ ਮੰਗੀਆਂ।
ਚੰਨੀ ਵੱਲੋਂ ਹੰਡਿਆਇਆ ਵਿੱਚ ਚੋਣ ਪ੍ਰਚਾਰ
ਹੰਡਿਆਇਆ (ਪੱਤਰ ਪ੍ਰੇਰਕ): ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਬੀਤੀ ਦੇਰ ਰਾਤ ਹੰਡਿਆਇਆ ਪੁੱਜੇ। ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਉਮੀਦਵਾਰ ਦੇ ਚੋਣ ਮੈਦਾਨ ਵਿੱਚ ਮਹਿਲਾਵਾਂ ਦਾ ਐਨਾ ਭਾਰੀ ਇਕੱਠ ਹੋਵੇ, ਉਸ ਨੂੰ ਹਰਾਉਣਾ ਅਸੰਭਵ ਜਾਪਦਾ ਹੈ। ਸ੍ਰੀ ਚੰਨੀ ਨੇ ਕਿਹਾ, ‘ਤੁਸੀਂ ਮਨੀਸ਼ ਬਾਂਸਲ ਨੂੰ ਜਿਤਾ ਕੇ ਚੰਡੀਗੜ੍ਹ ਭੇਜੋ, ਕੁਰਸੀ ਦੇਣਾ ਮੇਰਾ ਕੰਮ ਹੈ।’ ਇਸ ਉਪਰੰਤ ਉਨ੍ਹਾਂ ਆਪਣੇ 111 ਦਿਨਾਂ ਦੀ ਕਾਰਗੁਜ਼ਾਰੀ ਦਾ ਵੇਰਵਾ ਲੋਕਾਂ ਨਾਲ ਸਾਂਝਾ ਕੀਤਾ।