ਖੇਤਰੀ ਪ੍ਰਤੀਨਿਧ
ਪਟਿਆਲਾ, 8 ਫਰਵਰੀ
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦੇ ਜਲਦੀ ਹੀ ਕਾਂਗਰਸ ’ਚ ਸ਼ਾਮਲ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰਵਾਉਣ ਲਈ ਲੰਘੀ ਦੇਰ ਰਾਤ ਮੁੱਖ ਮੰਤਰੀ ਉਨ੍ਹਾਂ ਦੇ ਘਰ ਪੁੱਜੇ ਜਿਸ ਦੌਰਾਨ ਉਨ੍ਹਾਂ ਨੇ ਰਾਤਰੀ ਭੋਜਨ ਵੀ ਇਕੱਠਿਆਂ ਹੀ ਕੀਤਾ। ਉਂਜ ਉਹ ਬੀਰਦਵਿੰਦਰ ਸਿੰਘ ਦਾ ਹਾਲ-ਚਾਲ ਪੁੱਛਣ ਗਏ ਸਨ ਕਿਉਂਕਿ ਪਿਛਲੇ ਦਿਨੀਂ ਉਨ੍ਹਾਂ ਦਾ ਅਪਰੇਸ਼ਨ ਹੋਇਆ ਹੋਣ ਕਾਰਨ ਉਹ ਘਰ ਹੀ ਹਨ। ਡਾਕਟਰਾਂ ਵੱਲੋਂ ਆਰਾਮ ਕਰਨ ਲਈ ਨਿਰਧਾਰਤ ਕੀਤੇ ਗਏ ਦੋ ਮਹੀਨੇ 21 ਫਰਵਰੀ ਨੂੰ ਮੁਕੰਮਲ ਹੋਣੇ ਹਨ। ਇਸ ਕਰਕੇ ਉਹ ਇਨ੍ਹਾਂ ਚੋਣਾਂ ’ਚ ਕਾਂਗਰਸ ਲਈ ਪ੍ਰਚਾਰ ਤਾਂ ਨਹੀਂ ਕਰ ਸਕਦੇ ਪਰ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਾਂਗਰਸ ’ਚ ਸ਼ਾਮਲ ਹੋਣ ਲਈ ਜ਼ੋਰ ਪਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਰਦਵਿੰਦਰ ਸਿੰਘ ਨੇ ਸ਼ਾਇਦ ਅਜੇ ਹਾਮੀ ਨਹੀਂ ਭਰੀ।