ਐਨ ਪੀ ਧਵਨ
ਪਠਾਨਕੋਟ, 8 ਫਰਵਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਬਾਅਦ ਹੁਣ ਉਹ ਆਮ ਲੋਕਾਂ ਨੇ ਜ਼ਿਆਦਾ ਨੇੜੇ ਹੋ ਰਹੇ ਹਨ। ਭੋਆ ਵਿਧਾਨ ਸਭਾ ਹਲਕੇ ਦੇ ਸਰਨਾ ਵਿੱਚ ਚੋਣ ਰੈਲੀ ਦੌਰਾਨ ਅੱਜ ਸੁਰੱਖਿਆ ਮੁਲਾਜ਼ਮਾਂ ਨੇ ਆਮ ਲੋਕਾਂ ਨੂੰ ਮੰਚ ਤੋਂ ਦੂਰ ਕੀਤਾ ਪਰ ਚੰਨੀ ਨੇ ਲੋਕਾਂ ਨੂੰ ਆਪਣੇ ਨੇੜੇ ਆਉਣ ਦਿੱਤਾ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੌਣ ਮਾਰਨ ਲੱਗਾ ਹੈ। ਉਨ੍ਹਾਂ ਇੱਥੇ ਕਾਂਗਰਸ ਉਮੀਦਵਾਰ ਜੋਗਿੰਦਰ ਪਾਲ ਦੇ ਹੱਕ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਚੰਨੀ ਨੇ ਭਾਸ਼ਣ ਦੌਰਾਨ ਜ਼ਿਆਦਾਤਰ ਆਪਣਾ ਨਿਸ਼ਾਨਾ ਆਮ ਆਦਮੀ ਪਾਰਟੀ ਨੂੰ ਹੀ ਬਣਾਇਆ ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਪੰਜਾਬ ਅੰਦਰ ਆਮ ਆਦਮੀ ਪਾਰਟੀ ਤੋਂ ਵੱਧ ਖਤਰਾ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਰਜਵਾੜਾਸ਼ਾਹੀ ਕੈਪਟਨ ਤੇ ਬਾਦਲ ਦੇ ਘਰਾਂ ਵਿੱਚੋਂ ਕੱਢ ਕੇ ਆਮ ਲੋਕਾਂ ਦੇ ਹੱਥ ਵਿੱਚ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਪਤਾ ਨਹੀਂ ਤੇ ਭਗਵੰਤ ਮਾਨ ਦੀ ਯੋਗਤਾ ਇਹ ਹੈ ਕਿ ਉਸ ਨੇ 12ਵੀਂ ਵਿੱਚ ਤਿੰਨ ਸਾਲ ਲਗਾਏ ਹਨ। ਚੰਨੀ ਨੇ ਕਿਹਾ ਕਿ ਇਹ ਆਮ ਚੋਣਾਂ ਨਹੀਂ ਹਨ ਕਿਉਂਕਿ ਇਸ ਵਿੱਚ ਕੇਂਦਰੀ ਏਜੰਸੀਆਂ ਲੱਗੀਆਂ ਹੋਈਆਂ ਹਨ ਜੋ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਪੰਜਾਬ ਦੇ ਲੋਕ ਸਰਹੱਦਾਂ ਤੇ ਗੋਲੀਆਂ ਖਾ ਸਕਦੇ ਹਨ ਪਰ ਦਬਦੇ ਨਹੀਂ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਇਸ ਹਲਕੇ ਤੋਂ ਉਮੀਦਵਾਰ ਲਾਲ ਚੰਦ ਕਟਾਰੂਚੱਕ ਨੇ ਮੁੱਖ ਮੰਤਰੀ ਦੇ ਦੋਸ਼ਾਂ ਉਪਰ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਬੁਖਲਾ ਗਈ ਹੈ।