ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਫਰਵਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਵਿਧਾਨ ਸਭਾ ਹਲਕਾ ਧਰਮਕੋਟ ਤੇ ਨਿਹਾਲ ਸਿੰਘ ਵਾਲਾ ਵਿੱਚ ਵੀਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਉਮੀਦਵਾਰਾਂ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੇ ਭੁਪਿੰਦਰ ਸਿੰਘ ਸਾਹੋਕੇ ਦੇ ਹੱਕ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਮੁੱਖ ਮੰਤਰੀ ਚੰਨੀ ’ਤੇ ਦੋਸ਼ ਹਨ ਕਿ ਉਨ੍ਹਾਂ ਦੋਵਾਂ ਹਲਕਿਆਂ ਵਿੱਚ ਰਾਤ 10 ਵਜੇ ਮਗਰੋਂ ਚੋਣ ਪ੍ਰਚਾਰ ਕੀਤਾ ਹੈ। ਧਰਮਕੋਟ ਹਲਕੇ ਤੋਂ ਐੱਸਡੀਐੱਮ ਤੇ ਰਿਟਰਨਿੰਗ ਅਫ਼ਸਰ ਚਾਰੂਮਿਤਾ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਨਿਹਾਲ ਸਿੰਘ ਵਾਲਾ ਹਲਕੇ ਤੋਂ ਐੱਸਡੀਐੱਮ ਤੇ ਰਿਟਰਨਿੰਗ ਅਫ਼ਸਰ ਅਮਰੀਕ ਸਿੰਘ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਕਾਂਗਰਸ ਉਮੀਦਵਾਰ ਭੁਪਿੰਦਰ ਸਿੰਘ ਸਾਹੋਕੇ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।
ਇਸੇ ਦੌਰਾਨ ਥਾਣਾ ਬਾਘਾਪੁਰਾਣਾ ਦੇ ਸਬ-ਇੰਸਪੈਕਟਰ ਇਕਬਾਲ ਸਿੰਘ ਦੱਸਿਆ ਕਿ ਐੱਸਡੀਐੱਮ ਬਾਘਾਪੁਰਾਣਾ ਦੀ ਸ਼ਿਕਾਇਤ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਹਲਕੇ ਤੋਂ ‘ਆਪ’ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਮਾਨਸਾ ਵਿੱਚ ਮੋਫਰ ਖ਼ਿਲਾਫ਼ ਕੇਸ ਦਰਜ
ਮਾਨਸਾ (ਜੋਗਿੰਦਰ ਸਿੰਘ ਮਾਨ): ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਕਰਮ ਸਿੰਘ ਮੋਫ਼ਰ ਖ਼ਿਲਾਫ਼ ਰੋਡ ਸ਼ੋਅ ਦੀ ਪ੍ਰਵਾਨਗੀ ਨਾ ਲੈਣ ਸਬੰਧੀ ਥਾਣਾ ਝੁਨੀਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਰਿਟਰਨਿੰਗ ਅਫ਼ਸਰ ਮਨੀਸ਼ਾ ਰਾਣਾ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਅੱਜ ਹਲਕਾ ਸਰਦੂਲਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਖ਼ਿਲਾਫ਼ ਥਾਣਾ ਝੁਨੀਰ ਵਿੱਚ ਧਾਰਾ 188, 171 (ਐਚ) ਆਈਪੀਸੀ ਤਹਿਤ ਦਰਜ ਕੀਤਾ ਗਿਆ ਹੈ।