ਪਾਲ ਸਿੰਘ ਨੌਲੀ
ਜਲੰਧਰ, 6 ਅਪਰੈਲ
ਮਨੀ ਲਾਂਡਰਿੰਗ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਅੱਜ ਅਦਾਲਤੀ ਕੰਪਲੈਕਸ ਅੰਦਰ ਮੌਜੂਦ ਈਡੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਲੈ ਕੇ ਆਈ। ਈਡੀ ਵੱਲੋਂ ਲੰਘੀ 31 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤੀ ਗਈ ਚਾਰਜਸ਼ੀਟ ਅੱਜ ਪੇਸ਼ੀ ਦੌਰਾਨ ਭੁਪਿੰਦਰ ਸਿੰਘ ਹਨੀ ਨੂੰ ਸੌਂਪੀ ਗਈ। ਮਾਮਲੇ ਦੀ ਅਗਲੀ ਸੁਣਵਾਈ 20 ਅਪਰੈਲ ਤੈਅ ਕੀਤੀ ਗਈ ਹੈ। ਹਨੀ ਨੂੰ ਵਾਪਸ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਕਪੂਰਥਲਾ ਜੇਲ੍ਹ ਵਿੱਚ ਹਨੀ ਨਾਲ ਉਸ ਦਾ ਸਾਥੀ ਕੁਦਰਤਦੀਪ ਸਿੰਘ ਵੀ ਬੰਦ ਹੈ ਪਰ ਉਸ ਨੂੰ ਪੇਸ਼ੀ ਲਈ ਨਹੀਂ ਲਿਆਂਦਾ ਗਿਆ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ 3 ਫਰਵਰੀ ਦੀ ਰਾਤ ਨੂੰ ਈਡੀ ਨੇ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਹਨੀ ਦੀ ਗ੍ਰਿਫ਼ਤਾਰੀ ਦੇ ਲਗਪਗ ਦੋ ਮਹੀਨਿਆਂ ਬਾਅਦ 31 ਮਾਰਚ ਨੂੰ ਈਡੀ ਨੇ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕੀਤੀ ਸੀ। ਹਨੀ ਦੇ ਨਾਲ ਉਸ ਦੇ ਸਾਥੀ ਕੁਦਰਤਦੀਪ ਸਿੰਘ ਵਿਰੁੱਧ ਵੀ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਈਡੀ ਨੇ ਇਸੇ ਸਾਲ 18 ਜਨਵਰੀ ਨੂੰ ਹਨੀ ਅਤੇ ਹੋਰਨਾਂ ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਹਨੀ ਦੇ ਕੰਪਲੈਕਸ ਤੋਂ ਕਰੀਬ 7.9 ਕਰੋੜ ਰੁਪਏ ਅਤੇ ਉਸ ਦੇ ਇਕ ਸਹਿਯੋਗੀ ਸੰਦੀਪ ਕੁਮਾਰ ਕੋਲੋਂ ਦੋ ਕਰੋੜ ਰੁਪਏ ਬਰਾਮਦ ਕੀਤੇ ਸਨ।