ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 14 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 15 ਫਰਵਰੀ ਨੂੰ ਚੋਣ ਪ੍ਰਚਾਰ ਲਈ ਫਰੀਦਕੋਟ ਵਿੱਚ ਰੋਡ ਸ਼ੋਅ ਅਤੇ ਰੈਲੀ ਕਰਨੀ ਸੀ ਪਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਫਰੀਦਕੋਟ ਫੇਰੀ ਕਾਰਨ ਚਰਨਜੀਤ ਸਿੰਘ ਚੰਨੀ ਦੀ ਫੇਰੀ ਇੱਕ ਦਿਨ ਲਈ ਮੁਲਤਵੀ ਹੋ ਗਈ ਹੈ। ਹੁਣ ਮੁੱਖ ਮੰਤਰੀ 15 ਦੀ ਥਾਂ 16 ਫਰਵਰੀ ਨੂੰ ਫਰੀਦਕੋਟ ਵਿੱਚ ਰੈਲੀ ਕਰਨਗੇ। ਪ੍ਰਾਪਤ ਸੂਚਨਾ ਅਨੁਸਾਰ ਰਾਜਨਾਥ ਸਿੰਘ ਹੈਲੀਕਾਪਟਰ ਰਾਹੀਂ ਫਰੀਦਕੋਟ ਆ ਰਹੇ ਹਨ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਇੱਥੇ ਹੈਲੀਕਾਪਟਰ ਰਾਹੀਂ ਆਉਣਾ ਸੀ। ਸੁਰੱਖਿਆ ਕਾਰਨਾਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ 15 ਫਰਵਰੀ ਨੂੰ ਮੁੱਖ ਮੰਤਰੀ ਦੀ ਰੈਲੀ ਲਈ ਇਜ਼ਾਜਤ ਨਹੀਂ ਦਿੱਤੀ। ਇੱਕੋ ਦਿਨ ਦੋ ਵੱਡੇ ਆਗੂਆਂ ਦੀਆਂ ਰੈਲੀਆਂ ਨੂੰ ਨਿਰਵਿਘਨ ਸਿਰੇ ਚੜ੍ਹਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਸਨ ਜਿਸ ਕਰਕੇ ਮੁੱਖ ਮੰਤਰੀ ਦੀ ਮੰਗਲਵਾਰ ਦੀ ਫੇਰੀ ਮੁਲਤਵੀ ਕਰ ਦਿੱਤੀ ਗਈ। ਰਾਜਨਾਥ ਸਿੰਘ ਦੇ ਨਾਲ ਚੋਣ ਪ੍ਰਚਾਰ ਲਈ ਭਾਜਪਾ ਦੇ ਹੋਰ ਕੌਮੀ ਆਗੂ ਵੀ ਫਰੀਦਕੋਟ ਆ ਰਹੇ ਹਨ। ਫਰੀਦਕੋਟ ਤੋਂ ਗੌਰਵ ਕੱਕੜ ਭਾਜਪਾ ਦੇ ਉਮੀਦਵਾਰ ਹਨ ਅਤੇ ਅਕਾਲੀ-ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਹੋਰਨਾਂ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਚੋਣ ਲੜ ਰਹੀ ਹੈ।