ਵਿਸ਼ਵ ਭਾਰਤੀ
ਚੰਡੀਗੜ੍ਹ, 30 ਸਤੰਬਰ
ਭਾਵੇਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬੇ ਵਿੱਚੋਂ ਵੀਆਈਪੀ ਸੱਭਿਆਚਾਰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਦੂਜੇ ਪਾਸੇ ਉਨ੍ਹਾਂ ਦੇ ਪਰਿਵਾਰਕ ਜੀਆਂ ਨੇ ਵੀਆਈਪੀ’ਜ਼ ਵਾਂਗ ਵਰਤਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਨੀ ਦਾ ਪੁੱਤਰ ਸੁਰੱਖਿਆ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਸੱਦੀਆਂ ਜਾਂਦੀਆਂ ਜ਼ਿਆਦਾਤਰ ਮੀਟਿੰਗਾਂ ਵਿੱਚ ਵੀ ਹਾਜ਼ਰ ਹੁੰਦਾ ਹੈ। ਸੂਤਰਾਂ ਮੁਤਾਬਕ ਜਦੋਂ ਤੋਂ ਮੁੱਖ ਮੰਤਰੀ ਨੇ ਅਹੁਦਾ ਸਾਂਭਿਆ ਹੈ, ਉਦੋਂ ਤੋਂ ਸਾਰੀਆਂ ਸਰਕਾਰੀ ਮੀਟਿੰਗਾਂ ਵਿੱਚ ਚੰਨੀ ਦਾ ਛੋਟਾ ਪੁੱਤਰ ਰਿਧਮਜੀਤ ਸਿੰਘ ਬੈਠਾ ਦਿਖਾਈ ਦਿੰਦਾ ਹੈ। ਇੱਕ ਸੀਨੀਅਰ ਸਰਕਾਰੀ ਅਫਸਰ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਪਿਛਲੇ ਬੁੱਧਵਾਰ ਨੂੰ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ ਵਿੱਚ ਸੂਬੇ ਦੀ ਸੁਰੱਖਿਆ ਅਤੇ ਦਰਪੇਸ਼ ਖਤਰਿਆਂ ਸਬੰਧੀ ਸੱਦੀ ਗਈ ਮੀਟਿੰਗ ਵਿੱਚ ਸ਼ਾਮਲ ਡੀਜੀਪੀ ਅਤੇ ਹੋਰ ਸੀਨੀਅਰ ਪੁਲੀਸ ਅਫਸਰਾਂ ਨੂੰ ਮੀਟਿੰਗ ਵਾਲੇ ਕਮਰੇ ਵਿੱਚ ਚੰਨੀ ਦੇ ਪੁੱਤਰ ਦੀ ਹਾਜ਼ਰੀ ਰੜਕੀ। ਸੂਤਰਾਂ ਨੇ ਦੱਸਿਆ ਕਿ ਉਹ ਸਾਰਾ ਸਮਾਂ ਮੀਟਿੰਗ ਵਿੱਚ ਬੈਠਾ ਰਿਹਾ। ਇੱਥੇ ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਮੀਟਿੰਗਾਂ ਸਬੰਧੀ ਜਾਰੀ ਕੀਤੀਆਂ ਜਾਂਦੀਆਂ ਅਧਿਕਾਰਤ ਤਸਵੀਰਾਂ ਵਿੱਚ ਉਸ ਨੂੰ ਦੇਖਿਆ ਜਾ ਸਕਦਾ ਹੈ। ਇਕ ਤਸਵੀਰ ਵਿੱਚ ਉਹ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਦੇ ਪਿੱਛੇ ਬੈਠਾ ਦਿਖਾਈ ਦੇ ਰਿਹਾ ਹੈ।
ਪ੍ਰਮੁੱਖ ਸਕੱਤਰ ਨੇ ਘਰੇਲੂ ਮਸਲੇ ਵਿਚਾਰਨ ਦੀ ਗੱਲ ਆਖੀ
ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨਾਲ ਜਦੋਂ ਇਸ ਸਬੰਧੀ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜ਼ਿਆਦਾਤਰ ਦਫਤਰ ਵਿੱਚ ਰਹਿੰਦੇ ਹਨ ਅਤੇ ਘਰ ਨਹੀਂ ਜਾਂਦੇ। ਉਨ੍ਹਾਂ ਦੇ ਵੱਡੇ ਪੁੱਤਰ ਦਾ ਵਿਆਹ ਰੱਖਿਆ ਹੋਣ ਕਾਰਨ ਉਹ ਪਰਿਵਾਰਕ ਮਸਲੇ ਵਿਚਾਰਨ ਲਈ ਆ ਜਾਂਦਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਸ ਨੂੰ ਸਰਕਾਰੀ ਮੀਟਿੰਗ ਤੋਂ ਬਾਅਦ ਨਹੀਂ ਮਿਲਣਾ ਚਾਹੀਦਾ ਤਾਂ ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਅਜਿਹਾ ਨਹੀਂ ਹੁੰਦਾ। ਹੁਸਨ ਲਾਲ ਨੇ ਸਪਸ਼ਟ ਕੀਤਾ ਕਿ ਉਸ ਨੇ ਕਦੇ ਮੀਟਿੰਗ ਵਿੱਚ ਦਖ਼ਲਅੰਦਾਜ਼ੀ ਨਹੀਂ ਕੀਤੀ।