ਜਗਮੋਹਨ ਸਿੰਘ
ਰੂਪਨਗਰ, 16 ਜਨਵਰੀ
ਕਾਂਗਰਸ ਪਾਰਟੀ ਵੱਲੋਂ ਬੀਤੇ ਦਿਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਕੀਤੇ ਗਏ ਮਗਰੋਂ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਥਾਣਾ ਸਿੰਘ ਭਗਵੰਤਪੁਰ ਅਧੀਨ ਪੈਂਦੇ ਪਿੰਡ ਦੁਲਚੀਮਾਜਰਾ ਵਿੱਚ ਦਿ ਰੋਪੜ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਜਸਵੰਤ ਸਿੰਘ ਬਾਵਾ ਦੇ ਘਰ ਨੇੜਲੇ ਪਿੰਡਾਂ ਦੇ ਪੰਚਾਂ-ਸਰਪੰਚਾਂ, ਨੰਬਰਦਾਰਾਂ ਤੇ ਹੋਰ ਮੋਹਤਬਰਾਂ ਨਾਲ ਪਲੇਠੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਚੇਅਰਮੈਨ ਜਸਵੰਤ ਸਿੰਘ ਬਾਵਾ, ਜਰਨੈਲ ਕੌਰ ਸਰਪੰਚ ਦੁਲਚੀਮਾਜਰਾ, ਐਡਵੋਕੇਟ ਦਮਨਜੀਤ ਸਿੰਘ, ਰਿੰਕੂ ਸਰਪੰਚ ਖਾਬੜਾ, ਜੰਗ ਸਿੰਘ ਸੋਲਖੀਆਂ, ਰੁਪਿੰਦਰ ਸਿੰਘ ਚੈੜੀਆਂ ਚੇਅਰਮੈਨ ਬਲਾਕ ਸਮਿਤੀ ਰੂਪਨਗਰ, ਹਰਮਨਜੀਤ ਸਿੰਘ ਸਰਪੰਚ ਸੀਹੋਂਮਾਜਰਾ, ਬਲਜਿੰਦਰ ਸਿੰਘ, ਸਮਿਤੀ ਮੈਂਬਰ ਇਕਬਾਲ ਸਿੰਘ ਸਾਲਾਪੁਰ, ਲਖਵੰਤ ਸਿੰਘ ਪੰਚ ਝੱਲੀਆਂ ਕਲਾਂ, ਕਮਲਜੀਤ ਸਿੰਘ ਪੱਥਰਮਾਜਰਾ, ਹਰਪਾਲ ਸਿੰਘ ਬਾਲਸੰਢਾ ਤੇ ਸਾਬਕਾ ਸਰਪੰਚ ਸਤਨਾਮ ਸਿੰਘ ਬਾਹਮਣਮਾਜਰਾ ਸਮੇਤ ਹੋਰ ਮੋਹਤਬਰਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹਲਕੇ ਦੀ ਜ਼ਿੰਮੇਵਾਰੀ ਉਨ੍ਹਾਂ ’ਤੇ ਛੱਡ ਕੇ ਪੰਜਾਬ ਦੇ ਬਾਕੀ ਵਿਧਾਨ ਸਭਾ ਹਲਕੇ ਸੰਭਾਲਣ ਕਿਉਂਕਿ ਹੁਣ ਉਹ ਸਿਰਫ ਇੱਕ ਹਲਕੇ ਦੇ ਆਗੂ ਨਹੀਂ ਰਹੇ, ਸਗੋਂ ਪੂਰਾ ਪੰਜਾਬ ਜਿੱਤਣ ਦੀ ਜ਼ਿੰਮੇਵਾਰੀ ਉਨ੍ਹਾਂ ਸਿਰ ਹੈ। ਮੋਹਤਬਰਾਂ ਨੇ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਚੰਨੀ ਨੇ ਮੁੱਖ ਮੰਤਰੀ ਵਜੋਂ ਮਿਲੇ 111 ਦਿਨਾਂ ਵਿੱਚ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਲੋਕ ਹਿਤੈਸ਼ੀ ਫ਼ੈਸਲੇ ਲਏ ਹਨ, ਉਨ੍ਹਾਂ ਦੇ ਆਧਾਰ ’ਤੇ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹੁੰਦੀ ਹਨ ਤੇ ਉਨ੍ਹਾਂ ਦੇ ਆਪਣੇ ਹਲਕੇ ਦੇ ਲੋਕ ਉਨ੍ਹਾਂ ਨੂੰ ਵੱਡੀ ਗਿਣਤੀ ਵੋਟਾਂ ਦੇ ਫਰਕ ਨਾਲ ਜਿਤਾ ਕੇ ਮੁੱਖ ਮੰਤਰੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਾਹਲੇ ਹਨ।
ਗੁਰਦੁਆਰਾ ਰਤਵਾੜਾ ਸਾਹਿਬ ਪੁੱਜੇ ਮੁੱਖ ਮੰਤਰੀ ਚੰਨੀ
ਮੁੱਲਾਂਪੁਰ (ਚਰਨਜੀਤ ਸਿੰਘ ਚੰਨੀ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਤੀ ਦੇਰ ਰਾਤ ਅਚਾਨਕ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਨਤਮਸਤਕ ਹੋਏ। ਮੁੱਖ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਗੁਰਦੁਆਰਾ ਸਾਹਿਬ ਪੁੱਜੇ ਚਰਨਜੀਤ ਸਿੰਘ ਚੰਨੀ ਨੇ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਰਤਵਾੜਾ ਸਾਹਿਬ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਸਮੇਤ ਹੋਰ ਸੇਵਾਦਾਰਾਂ ਨਾਲ ਕੁਝ ਸਮੇਂ ਲਈ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਮੀਡੀਆ ਨਾਲ ਖਾਸ ਗੱਲਬਾਤ ਕਰਨਾ ਮੁਨਾਸਬਿ ਨਾ ਸਮਝਿਆ, ਬੱਸ ਐਨਾ ਹੀ ਕਿਹਾ ਕਿ ਉਹ ਸਿਰਫ ਇਸ ਪਵਿੱਤਰ ਧਾਮ ’ਤੇ ਮੱਥਾ ਟੇਕਣ ਲਈ ਆਏ ਹਨ। ਮੁੱਖ ਮੰਤਰੀ ਦੇ ਰਤਵਾੜਾ ਸਾਹਿਬ ਵਿਖੇ ਪਹੁੰਚਣ ਦੀ ਭਿਣਕ ਲੱਗਣ ਮਗਰੋਂ ਜਿੰਨੇ ਨੂੰ ਕਾਂਗਰਸੀ ਵਰਕਰ ਅਤੇ ਹੋਰ ਲੋਕ ਪਹੁੰਚਣ ਲੱਗੇ ਤਾਂ ਐਨੇ ਨੂੰ ਉਹ ਮੱਥਾ ਟੇਕ ਕੇ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਚੁੱਕੇ ਸਨ। ਇਸ ਮੌਕੇ ਭਾਈ ਸੁਖਵਿੰਦਰ ਸਿੰਘ, ਵਿੱਦਿਅਕ ਅਦਾਰਿਆਂ ਦੇ ਡਾਇਰੈਕਟਰ ਜਸਵੰਤ ਸਿੰਘ ਸਿਆਣ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਰੰਧਾਵਾ ਸਮੇਤ ਪਿੰਡ ਚਾਹੜ ਮਾਜਰਾ ਦੇ ਸਾਬਕਾ ਸਰਪੰਚ ਖੁਵਾਜਾ ਖਾਨ ਬੂਟਾ ਹਾਜ਼ਰ ਸਨ।