ਰਵਿੰਦਰ ਰਵੀ
ਬਰਨਾਲਾ, 31 ਜਨਵਰੀ
ਭਦੌੜ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੋਣ ਲੜਨ ਦੇ ਐਲਾਨ ਨਾਲ ਜ਼ਿਲ੍ਹੇ ਦੇ ਤਿੰਨੋਂ ਹਲਕਿਆਂ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ’ਚ ਸਿਆਸੀ ਸਮੀਕਰਨ ਬਦਲ ਗਏ ਹਨ। ਪਿਛਲੀਆਂ ਚੋਣਾਂ ’ਚ ਤਿੰਨੋਂ ਸੀਟਾਂ ’ਤੇ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਹਲਕਿਆਂ ’ਚ ਇਤਿਹਾਸ ਦੁਹਰਾਉਣ ਲਈ ਵੱਡੀ ਮੁਸ਼ੱਕਤ ਕਰਨੀ ਪਵੇਗੀ।
ਕਾਂਗਰਸ ਹਾਈਕਮਾਂਡ ਨੇ ਦੋ ਵਾਰ ਬਰਨਾਲਾ ਤੋਂ ਵਿਧਾਇਕ ਰਹਿ ਚੁੱਕੇ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟ ਕੇ ਆਲ ਇੰਡੀਆ ਕਾਂਗਰਸ ਦੇ ਖ਼ਜ਼ਾਨਚੀ ਪਵਨ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਬਰਨਾਲਾ ਤੋਂ ਟਿਕਟ ਦੇ ਕੇ ਮੈਦਾਨ ’ਚ ਉਤਾਰਿਆ ਗਿਆ ਹੈ। ਕਾਂਗਰਸ ਨੂੰ ਬਾਂਸਲ ਦੇ ਹਿੰਦੂ ਚਿਹਰੇ ਤੋਂ ਫ਼ਾਇਦੇ ਦੀ ਉਮੀਦ ਹੈ। ਦੂਜੇ ਪਾਸੇ ਭਾਜਪਾ ਨੇ ਧੀਰਜ ਕੁਮਾਰ ਦੱਧਾਹੂਰ ’ਤੇ ਦਾਅ ਖੇਡਦਿਆਂ ਹਿੰਦੂ ਵੋਟਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਨੇ ਇੱਥੋਂ ਸਾਬਕਾ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਪੁੱਤਰ ਕੁਲਵੰਤ ਕੀਤੂ ਨੂੰ ਉਮੀਦਵਾਰ ਚੁਣਿਆ ਹੈ। ਜ਼ਿਲ੍ਹੇ ’ਚ ਪਹਿਲਾਂ ਤਿੰਨੋਂ ਹਲਕਿਆਂ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਣ ਕਾਰਨ ਇਸ ਵਾਰ ਵੀ ਬਰਨਾਲਾ ਅਤੇ ਮਹਿਲ ਕਲਾਂ ਤੋਂ ‘ਆਪ’ ਨੇ ਮੌਜੂਦਾ ਵਿਧਾਇਕਾਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਨੂੰ ਹੀ ਟਿਕਟ ਦਿੱਤੀ ਹੈ ਪਰ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਧੌਲਾ ਵੱਲੋਂ ‘ਆਪ’ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਣ ਕਰਕੇ ਨਵੇਂ ਚਿਹਰੇ ਲਾਭ ਸਿੰਘ ਉਗੋਕੇ ਨੂੰ ‘ਆਪ’ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ। ਹਲਕਾ ਮਹਿਲ ਕਲਾਂ ਵਿਚ ਕਾਂਗਰਸ ਵੱਲੋਂ ਹਰਚੰਦ ਕੌਰ ਘਨੌਰੀ ਅਤੇ ਅਕਾਲੀ ਦਲ-ਬਸਪਾ ਵੱਲੋਂ ਚਮਕੌਰ ਸਿੰਘ ਵੀਰ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ (ਆਪ) ਨੂੰ ਟੱਕਰ ਦੇ ਰਹੇ ਹਨ।
ਜ਼ਿਲ੍ਹੇ ਦੇ ਤਿੰਨੋਂ ਹਲਕਿਆਂ ’ਚ ਤਿਕੋਣਾ ਮੁਕਾਬਲਾ ਬਣਿਆ ਹੋਇਆ ਹੈ। ਮੁੱਖ ਮੰਤਰੀ ਦੀ ਨਾਮਜ਼ਦਗੀ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੇ ਕਮਜ਼ੋਰ ਉਮੀਦਵਾਰਾਂ ਕਰਕੇ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਮਜ਼ਬੂਤ ਦਿਖਾਈ ਦੇ ਰਹੀ ਸੀ ਪਰ ਹੁਣ ਕਾਂਗਰਸ ਵੱਲੋਂ ਦੋ ਮਜ਼ਬੂਤ ਉਮੀਦਵਾਰ ਉਤਾਰਨ ਕਰਕੇ ‘ਆਪ’ ਦਾ ਰਾਹ ਔਖਾ ਹੋ ਗਿਆ ਲੱਗਦਾ ਹੈ। ਲਗਪਗ ਤਿੰਨ ਦਹਾਕੇ ਤੋਂ ਸੂਬੇ ਦੀ ਰਾਜਨੀਤੀ ਵਿਚ ਹਾਸ਼ੀਏ ’ਤੇ ਚੱਲ ਰਿਹਾ ਬਰਨਾਲਾ ਜ਼ਿਲ੍ਹਾ ਅਚਾਨਕ ਸੁਰਖੀਆਂ ਵਿਚ ਆ ਗਿਆ ਹੈ।