ਜਸਵੰਤ ਜੱਸ
ਫਰੀਦਕੋਟ, 28 ਨਵੰਬਰ
ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਪ੍ਰਸ਼ੰਸਾ ਵਿੱਚ ਲੋਕ ਸੰਪਰਕ ਵਿਭਾਗ ਵੱਲੋਂ ਪੰਜਾਬ ਵਿੱਚ ਲਾਏ ਗਏ ਇਸ਼ਤਿਹਾਰੀ ਬੋਰਡਾਂ ਦੀ ਸ਼ਬਦਾਵਲੀ ਨੂੰ ਬਦਲ ਦਿੱਤਾ ਗਿਆ ਹੈ। ਪਹਿਲਾਂ ਲਾਏ ਗਏ ਇਸ਼ਤਿਹਾਰੀ ਬੋਰਡਾਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਿਆਸੀ ਅਕਸ ਨੂੰ ਉੱਚਾ ਕਰਨ ਲਈ ਲਿਖਿਆ ਗਿਆ ਸੀ, ‘ਘਰ-ਘਰ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ’, ਪਰ ਹੁਣ ਨਵੇਂ ਲਾਏ ਗਏ ਬੋਰਡਾਂ ਵਿੱਚ ‘ਚੰਨੀ ਕਰਦਾ ਮਸਲੇ ਹੱਲ’ ਦੀ ਥਾਂ ’ਤੇ ‘ਪੰਜਾਬ ਸਰਕਾਰ ਕਰਦੀ ਮਸਲੇ ਹੱਲ’ ਸ਼ਬਦ ਵਰਤਿਆ ਗਿਆ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਵੀ ਇਸ਼ਤਿਹਾਰੀ ਬੋਰਡਾਂ ਵਿੱਚ ਪੰਜਾਬ ਸਰਕਾਰ ਦੀ ਥਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਨੂੰ ਹੀ ਤਰਜੀਹ ਦਿੱਤੀ ਗਈ ਸੀ ਅਤੇ ਅਮਰਿੰਦਰ ਸਿੰਘ ਦੇ ਜਾਣ ਮਗਰੋਂ ਚੰਨੀ ਦੇ ਮੁੱਖ ਮੰਤਰੀ ਬਣਨ ਉਪਰੰਤ ਵੀ ਇਹੀ ਪਿਰਤ ਜਾਰੀ ਰਹੀ ਪਰ ਨਵੰਬਰ ਦੇ ਪਹਿਲੇ ਹਫ਼ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਲਾਏ ਗਏ 40 ਹਜ਼ਾਰ ਤੋਂ ਵੱਧ ਇਸ਼ਤਿਹਾਰੀ ਬੋਰਡਾਂ ਵਿੱਚ ‘ਚੰਨੀ’ ਦੀ ਥਾਂ ‘ਪੰਜਾਬ ਸਰਕਾਰ’ ਸ਼ਬਦ ਵਰਤਿਆ ਗਿਆ ਹੈ। ਇੱਕ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਦਿੱਲੀ ਵਿੱਚ ਦਿੱਲੀ ਸਰਕਾਰ ਦੀ ਥਾਂ ਕੇਜਰੀਵਾਲ ਦੇ ਅਕਸ ਨੂੰ ਉੱਚਾ ਕੀਤਾ ਜਾ ਰਿਹਾ ਹੈ, ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਵੀ ਯੋਗੀ ਦੀ ਸ਼ਖ਼ਸੀਅਤ ਨੂੰ ਪ੍ਰਚਾਰਿਆ ਜਾ ਰਿਹਾ ਹੈ ਪਰ ਪੰਜਾਬ ਵਿੱਚ ਪਾਰਟੀ ਅੰਦਰ ਚੱਲ ਰਹੀ ਸਿਆਸੀ ਉਥਲ-ਪੁਥਲ ਕਾਰਨ ਚਰਨਜੀਤ ਸਿੰਘ ਚੰਨੀ ਦਾ ਇਸ਼ਤਿਹਾਰਾਂ ਵਿੱਚੋਂ ਨਾਮ ਕੱਢਿਆ ਗਿਆ ਹੈ। ਹਾਲਾਂਕਿ ਨਵੇਂ ਛਾਪੇ ਗਏ ਇਸ਼ਤਿਹਾਰੀ ਬੋਰਡਾਂ ਵਿੱਚ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ। ਫ਼ਰੀਦਕੋਟ ਦੇ ਇਕ ਹੋਰ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਮਗਰੋਂ ਚਰਨਜੀਤ ਸਿੰਘ ਚੰਨੀ ਦਾ ਸਿਆਸੀ ਕੱਦ ਕਾਫੀ ਉੱਚਾ ਹੋਇਆ ਹੈ। ਫ਼ਰੀਦਕੋਟ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਸ਼ਖ਼ਸੀਅਤ ਵਾਲੇ ਬੋਰਡ ਵੀ ਪੰਜਾਬ ਭਰ ਵਿੱਚ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਪ੍ਰਾਪਤੀਆਂ ਸਬੰਧੀ ਜੋ ਪ੍ਰਚਾਰ ਕਰ ਰਹੀ ਹੈ, ਉਸ ਵਿੱਚ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਹੈ।
ਮੁੱਖ ਮੰਤਰੀ ਵੱਲੋਂ ਫਰੀਦਕੋਟ ਜ਼ਿਲ੍ਹੇ ਵਿੱਚ ਵਰਕਰ ਮੀਟਿੰਗ ਭਲਕੇ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 30 ਨਵੰਬਰ ਸਵੇਰੇ 11 ਵਜੇ ਨਵੀਂ ਦਾਣਾ ਮੰਡੀ ਕੋਟਕਪੂਰਾ ਵਿੱਚ ਵਰਕਰ ਮੀਟਿੰਗ ਨੂੰ ਸੰਬੋਧਨ ਕਰਨਗੇ। ਮੁੱਖ ਮੰਤਰੀ ਦੀ ਆਮਦ ਤੇ ਪ੍ਰਬੰਧਾਂ ਸਬੰਧੀ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਤੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਜ਼ਿਲ੍ਹੇ ਨਾਲ ਸਬੰਧਤ ਕਾਂਗਰਸ ਦੇ ਸਮੂਹ ਵਰਕਰਾਂ, ਅਹੁਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਅਪੀਲ ਕੀਤੀ ਕਿ ਉਹ ਇਸ ਵਰਕਰ ਮੀਟਿੰਗ ਵਿੱਚ ਪੁੱਜਣ ਅਤੇ ਆਪਣੀਆਂ ਮੁਸ਼ਕਲਾਂ ਸਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਵਾਉਣ।