ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 8 ਫਰਵਰੀ
‘ਆਪ’ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪਿਆਂ ਦੌਰਾਨ ਮਿਲੇ ਕਰੋੜਾਂ ਰੁਪਏ ਦੇ ਮਾਮਲੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਤੋਂ ਪੁੱਛ-ਪੜਤਾਲ ਦੌਰਾਨ ਕੀਤੇ ਗਏ ਕਬੂਲਨਾਮੇ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਹਨੀ ਦੇ ਘਰੋਂ ਮਿਲਿਆ ਪੈਸਾ ਚੰਨੀ ਦਾ ਸੀ। ਅੱਜ ਇੱਥੇ ਪਾਰਟੀ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਚੱਢਾ ਨੇ ਕਿਹਾ ਕਿ ਇਸ ਕਬੂਲਨਾਮੇ ਨਾਲ ਹਨੀ, ਮਨੀ ਅਤੇ ਚੰਨੀ ਦੀ ਕਹਾਣੀ ਵਿੱਚ ਇਕ ਨਵਾਂ ਚੈਪਟਰ ਜੁੜ ਗਿਆ ਹੈ। ਰਾਘਵ ਚੱਢਾ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਈਡੀ ਅੱਗੇ ਆਪਣਾ ਇਕਬਾਲੀਆ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਛਾਪਿ ਦੌਰਾਨ ਮਿਲੇ 10 ਕਰੋੜ ਰੁਪਏ ਮੁੱਖ ਮੰਤਰੀ ਨੂੰ ਮਾਈਨਿੰਗ ਦੇ ਦਿੱਤੇ ਹੋਏ ਸਨ। ਇਸ ਰਾਸ਼ੀ ਵਿੱਚ ਚੰਨੀ ਦੇ ਕਾਰਜਕਾਲ ਵਿੱਚ ਚੱਲ ਰਹੀ ਟਰਾਂਸਫ਼ਰ-ਪੋਸਟਿੰਗ ਤੋਂ ਆਇਆ ਪੈਸਾ ਵੀ ਸ਼ਾਮਲ ਹੈ। ਰਾਘਵ ਚੱਢਾ ਨੇ ਕਿਹਾ ਕਿ ਅੱਜ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਚੰਨੀ ਦਾ ਰਿਸ਼ਤੇਦਾਰ ਹਨੀ, ਉਸ ਦਾ ਏਜੰਟ ਬਣ ਕੇ ਪੈਸਾ ਇਕੱਠਾ ਕਰਦਾ ਸੀ ਅਤੇ ਚੰਨੀ ਰੇਤ ਦੀ ਕਥਿਤ ਨਾਜਾਇਜ਼ ਮਾਈਨਿੰਗ ਅਤੇ ਟਰਾਂਸਫ਼ਰ-ਪੋਸਟਿੰਗ ਤੋਂ ਪੈਸੇ ਕਮਾ ਰਹੇ ਸਨ। ਇਹ ਪੈਸਾ ਵੀ ਹਨੀ ਵੱਲੋਂ ਚੰਨੀ ਦਾ ਏਜੰਟ ਬਣ ਕੇ ਇਕੱਠਾ ਕੀਤਾ ਜਾਂਦਾ ਸੀ।