ਜਗਮੋਹਨ ਸਿੰਘ
ਰੂਪਨਗਰ, 15 ਫਰਵਰੀ
ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਰੂਪਨਗਰ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਮੌਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੀ ਉਨ੍ਹਾਂ ਦੇ ਨਾਲ ਸਨ। ਸ੍ਰੀਮਤੀ ਗਾਂਧੀ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਮੱਥਾ ਟੇਕਿਆ, ਮਗਰੋਂ ਅੰਬੇਡਕਰ ਚੌਕ ਪੁੱਜ ਕੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਹਾਰ ਪਹਿਨਾਇਆ। ਉਪਰੰਤ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਬਰਿੰਦਰ ਸਿੰਘ ਢਿੱਲੋਂ ਦੇ ਟਰੈਕਟਰ ’ਤੇ ਬੈਠ ਕੇ ਰੋਡ ਸ਼ੋਅ ਕਰਦੇ ਹੋਏ ਲੋਕਾਂ ਤੋਂ ਸਹਿਯੋਗ ਮੰਗਿਆ। ਉਨ੍ਹਾਂ ਬੇਲਾ ਚੌਕ ਰੂਪਨਗਰ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਰਿੰਦਰ ਸਿੰਘ ਢਿੱਲੋਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਸੱਚੇ ਅਲੰਬਰਦਾਰ ਚਰਨਜੀਤ ਸਿੰਘ ਚੰਨੀ ਆਪਣੀ ਟੀਮ ਨਾਲ ਮਿਲ ਕੇ ਨਵੇਂ ਪੰਜਾਬ ਦੀ ਸਿਰਜਣਾ ਕਰਨਗੇ। ਪ੍ਰਿਯੰਕਾ ਨੇ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਸਾਧਾਰਨ ਘਰਾਂ ਤੋਂ ਉੱਠੇ ਨੌਜਵਾਨਾਂ ਨੂੰ ਰਾਜਨੀਤੀ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਕਰਨਾ ਰਾਹੁਲ ਗਾਂਧੀ ਦਾ ਸੁਪਨਾ ਰਿਹਾ ਹੈ ਤੇ ਅੱਜ ਦੇ ਇਕੱਠ ਨੂੰ ਵੇਖ ਕੇ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਪੰਜਾਬੀਅਤ ਦਾ ਖੂਨ ਖੌਲ ਰਿਹਾ ਹੈ, ਜੋ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਪੰਜਾਬ ਦੇ ਵਿਕਾਸ ਦੀ ਨੀਂਹ ਰੱਖੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਕਿਹਾ ਕਿ ਬਰਿੰਦਰ ਢਿੱਲੋਂ ਨੂੰ ਵਿਧਾਇਕ ਤੁਸੀਂ ਬਣਾ ਦਿਓ, ਮੰਤਰੀ ਮੈਂ ਬਣਾ ਦਿਆਂਗਾ। ਬੇਲਾ ਚੌਕ ਤੋਂ ਬਾਅਦ ਸ੍ਰੀਮਤੀ ਗਾਂਧੀ ਨੇ ਬਰਿੰਦਰ ਢਿੱਲੋਂ ਨਾਲ ਇੱਕ ਜੀਪ ’ਤੇ ਸਵਾਰ ਹੋ ਕੇ ਰੋਪੜ ਸ਼ਹਿਰ ਤੋਂ ਹੁੰਦੇ ਹੋਏ ਪੁਰਾਣੇ ਪੁਲ ਤੱਕ ਰੋਡ ਸ਼ੋਅ ਕਰਕੇ ਲੋਕਾਂ ਤੋਂ ਸਹਿਯੋਗ ਮੰਗਿਆ, ਜਿਸ ਉਪਰੰਤ ਉਹ ਅੰਮ੍ਰਿਤਸਰ ਲਈ ਰਵਾਨਾ ਹੋ ਗਏ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਖ਼ੁਦ ਹੋਰਨਾਂ ਉਮੀਦਵਾਰਾਂ ਦੇ ਹਲਕਿਆਂ ਵਿੱਚ ਚੋਣ ਪ੍ਰਚਾਰ ਲਈ ਜਾਂਦੇ ਰਹੇ ਹਨ, ਅੱਜ ਉਨ੍ਹਾਂ ਦੇ ਹਲਕੇ ਵਿੱਚ ਕਾਂਗਰਸ ਦੀ ਮੁੱਖ ਸਟਾਰ ਪ੍ਰਚਾਰਕ ਪ੍ਰਿੰਯਕਾ ਗਾਂਧੀ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਉਨ੍ਹਾਂ ਇਥੇ ਹਲਕਾ ਪੂਰਬੀ ਤੇ ਹਲਕਾ ਉਤਰੀ ਦੇ ਇਲਾਕਿਆਂ ਵਿੱਚ ਰੋਡ ਸ਼ੋਅ ਕੀਤਾ।
ਦੱਸਣਯੋਗ ਹੈ ਕਿ ਸ਼ਹਿਰ ਦੇ ਪੰਜ ਹਲਕਿਆਂ ਵਿੱਚੋਂ ਅੰਮ੍ਰਿਤਸਰ ਪੂਰਬੀ ਤੇ ਅੰਮ੍ਰਿਤਸਰ ਉਤਰੀ ਹਲਕਿਆਂ ਵਿੱਚ ਕਾਂਗਰਸੀ ਉਮੀਦਵਾਰਾਂ ਲਈ ਸਖ਼ਤ ਮੁਕਾਬਲਾ ਬਣਿਆ ਹੋਇਆ ਹੈ। ਅੰਮ੍ਰਿਤਸਰ ਪੂਰਬੀ ’ਚੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਚੋਣ ਲੜ ਰਹੇ ਹਨ ਤੇ ਉਨ੍ਹਾਂ ਦਾ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨਾਲ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਉਤਰੀ ਵਿੱਚ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਨੀਲ ਦੱਤੀ ਚੋਣ ਲੜ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਤੇ ‘ਆਪ’ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਹੈ।
ਤੈਅ ਸਮੇਂ ਤੋਂ ਲਗਪਗ ਤਿੰਨ ਘੰਟੇ ਦੇਰ ਨਾਲ ਪਹੁੰਚੀ ਪ੍ਰਿੰਯਕਾ ਗਾਂਧੀ ਨੇ ਲਗਪਗ ਅੱਧਾ ਘੰਟਾ ਰੋਡ ਸ਼ੋਅ ਵਿੱਚ ਸ਼ਮੂਲੀਅਤ ਕੀਤੀ ਹੈ। ਹਲਕਾ ਪੂਰਬੀ ਤੇ ਉਤਰੀ ਨੂੰ ਲੱਗਦੇ ਬਟਾਲਾ ਰੋਡ ’ਤੇ ਉਨ੍ਹਾਂ ਰੋਡ ਸ਼ੋਅ ਕੀਤਾ। ਉਹ ਇਕ ਖੁੱਲ੍ਹੇ ਵਾਹਨ ’ਤੇ ਸਨ ਤੇ ਉਨ੍ਹਾਂ ਨਾਲ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਦੱਤੀ ਵੀ ਮੌਜੂਦ ਸਨ। ਰੋਡ ਸ਼ੋਅ ਦੌਰਾਨ ਲਗਾਤਾਰ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਸਮਰਥਕਾਂ ਵੱਲੋਂ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਇਹ ਰੋਡ ਸ਼ੋਅ ਬਟਾਲਾ ਰੋਡ ’ਤੇ ਪਿੱਲਰ ਨੰਬਰ 37 ਤੋਂ ਸ਼ੁਰੂ ਹੋ ਕੇ ਸੈਲੀਬਰੇਸ਼ਨ ਮਾਲ ਕੋਲ ਸਮਾਪਤ ਹੋਇਆ, ਜਿਥੇ ਡਾ. ਨਵਜੋਤ ਕੌਰ ਸਿੱਧੂ ਵੱਡੀ ਗਿਣਤੀ ਮਹਿਲਾ ਸਮਰਥਕਾਂ ਨਾਲ ਹਾਜ਼ਰ ਸਨ। ਇਸ ਮਗਰੋਂ ਪ੍ਰਿੰਯਕਾ ਗਾਂਧੀ ਵਾਪਸ ਹਵਾਈ ਅੱਡੇ ਵੱਲ ਚਲੇ ਗਏ, ਜਿਥੋਂ ਉਨ੍ਹਾਂ ਦਿੱਲੀ ਲਈ ਰਵਾਨਾ ਹੋਣਾ ਸੀ। ਪੰਜਾਬ ਪੁਲੀਸ ਤੋਂ ਇਲਾਵਾ ਨੀਮ ਫੌਜੀ ਬਲ ਤਾਇਨਾਤ ਸਨ। ਕਾਂਗਰਸੀਆਂ ਦੇ ਵੱਡੇ ਇਕੱਠ ਕਾਰਨ ਬਟਾਲਾ ਰੋਡ ਦੀ ਸਮੁੱਚੀ ਆਵਾਜਾਈ ਵਿਵਸਥਾ ਠੱਪ ਰਹੀ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਲਈ ਸਿਰਫ਼ ਪੰਜ ਦਿਨ ਬਾਕੀ ਰਹਿ ਗਏ ਹਨ। ਨਵਜੋਤ ਸਿੰਘ ਸਿੱਧੂ ਦਾ ਹਲਕਾ ਇਸ ਵੇਲੇ ‘ਹੌਟ ਸੀਟ’ ਬਣਿਆ ਹੋਇਆ ਹੈ, ਜਿਥੇ ਸਮੁੱਚੇ ਪੰਜਾਬ ਅਤੇ ਪੰਜਾਬੀਆਂ ਦੀ ਨਿਗਾਹ ਲੱਗੀ ਹੋਈ ਹੈ। ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਇਸ ਹਲਕੇ ਤੋਂ ਪਹਿਲੀ ਵਾਰ ਚੋਣ ਲੜ ਰਹੇ ਹਨ। ਇਹ ਹਲਕਾ ਪਹਿਲਾਂ ਭਾਜਪਾ ਕੋਲ ਰਿਹਾ ਹੈ, ਜਿਸ ਕਾਰਨ ਇਥੇ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਘੱਟ ਸੀ। ਪਰ ਕੁਝ ਹੀ ਦਿਨਾਂ ਵਿੱਚ ਮਜੀਠੀਆ ਨੇ ਸਥਿਤੀ ਨੂੰ ਪਲਟ ਦਿੱਤਾ ਹੈ ਤੇ ਸਿੱਧੂ ਨੂੰ ਸਖ਼ਤ ਟੱਕਰ ਦੇ ਰਹੇ ਹਨ।
ਬਰਨਾਲਾ ਵਿੱਚ ਰਾਹੁਲ ਗਾਂਧੀ ਦੀ ਰੈਲੀ ਵਿੱਚ ‘ਪੰਡਾਲ ਖਾਲੀ’
ਬਰਨਾਲਾ (ਰਵਿੰਦਰ ਰਵੀ): ਅਨਾਜ ਮੰਡੀ ਵਿੱਚ ਕਾਂਗਰਸ ਵੱਲੋਂ ਰੱਖੀ ਗਈ ਰੈਲੀ ’ਚ ਰਾਹੁਲ ਗਾਂਧੀ ਦੋ ਘੰਟੇ ਤੋਂ ਵੱਧ ਸਮਾਂ ਲੇਟ ਪਹੁੰਚੇ। ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਵੱਲੋਂ ਅਨਾਜ ਮੰਡੀ ਵਿੱਚ ਕੀਤੀ ਗਈ ਰੈਲੀ ਦੌਰਾਨ ਪਈਆਂ ਖਾਲੀ ਕੁਰਸੀਆਂ ਪ੍ਰਬੰਧਕਾਂ ਨੂੰ ਮੂੰਹ ਚਿੜਾਅ ਰਹੀਆਂ ਸਨ। ਉਥੇ ਹੀ ਕਾਂਗਰਸੀ ਉਮੀਦਵਾਰ ਲਈ ਦਿਨ ਰਾਤ ਕੰਮ ਕਰਨ ਵਾਲੇ ਆਗੂਆਂ ਨੂੰ ਮੰਚ ਦੀ ਥਾਂ ਹੇਠਾਂ ਪੰਡਾਲ ’ਚ ਬੈਠ ਕੇ ਸਬਰ ਕਰਨਾ ਪਿਆ। ਰੈਲੀ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖ਼ੜ ਦੀ ਗੈਰਹਾਜ਼ਰੀ ਲੋਕਾਂ ਨੂੰ ਰੜਕਦੀ ਰਹੀ। ਬਰਨਾਲਾ ਤੋਂ ਕਾਂਗਰਸ ਦੇ ਦੋ ਵਾਰ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ ਨੇ ਵੀ ਰੈਲੀ ਤੋਂ ਦੂਰੀ ਬਣਾ ਕੇ ਰੱਖੀ। ਰਾਹੁਲ ਗਾਂਧੀ ਵੱਲੋਂ ਭਾਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੰਡਿਆ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਝਾੜੂ ਵਾਲਾ ਮੁੱਖ ਮੰਤਰੀ ਅਤਿਵਾਦੀ ਦੇ ਘਰ ਜਾ ਸਕਦਾ ਹੈ ਪਰ ਕਾਂਗਰਸ ਦਾ ਮੁੱਖ ਮੰਤਰੀ ਕਿਸੇ ਅਤਿਵਾਦੀ ਦੇ ਘਰ ਨਹੀਂ ਜਾਵੇਗਾ ਕਿਉਂਕਿ ਕਾਂਗਰਸ ਪੰਜਾਬ ਅੰਦਰ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਹਾਮੀ ਹੈ। ਰਾਹੁਲ ਨੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਗਰੀਬ ਘਰ ਦਾ ਮੁੱਖ ਮੰਤਰੀ ਬਣਾ ਕੇ ਇੱਕ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਹਿਲਾਂ ਨਾਲੋਂ ਵੱਧ ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗੀ।