ਜੋਗਿੰਦਰ ਸਿੰਘ ਮਾਨ/ਨਿਰੰਜਨ ਬੋਹਾ
ਮਾਨਸਾ/ਬੋਹਾ, 7 ਜਨਵਰੀ
‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਨਹੀਂ ਸਗੋਂ ਸਰਕਸ ਚਲਾ ਰਹੇ ਹਨ ਹਨ। ਉਹ ਅੱਜ ਬੁਢਲਾਡਾ ਤੋਂ ਪਾਰਟੀ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮਾਨ ਨੇ ਅੱਜ ਮਾਨਸਾ ਵਿੱਚ ਵੀ ਪਾਰਟੀ ਉਮੀਦਵਾਰ ਡਾ. ਵਿਜੈ ਕੁਮਾਰ ਸਿੰਗਲਾ ਦੇ ਹੱਕ ’ਚ ਚੋਣ ਰੈਲੀ ਕੀਤੀ। ਉਨ੍ਹਾਂ ਕਿਹਾ ਕਿ 2022 ਵਿੱਚ ਬਣਨ ਵਾਲੀ ‘ਆਪ’ ਸਰਕਾਰ ਮਾਫ਼ੀਆ ਰਾਜ ਨੂੰ ਖ਼ਤਮ ਕਰ ਕੇ ਪੰਜਾਬ ਦਾ ਖਾਲੀ ਖਜ਼ਾਨਾ ਭਰੇਗੀ, ਲੋਕਾਂ ਨੂੰ ਮੁਫ਼ਤ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਵੀ ਦੇਵੇਗੀ।
ਉਨ੍ਹਾਂ ਕਿਹਾ ਕਿ ਲੋਕ ਹਰ ਸਾਲ ਟੈਕਸ ਭਰਦੇ ਹਨ ਤਾਂ ਫਿਰ ਸਰਕਾਰੀ ਖ਼ਜ਼ਾਨਾ ਖਾਲੀ ਕਿਵੇਂ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ‘ਆਪ’ ਸਰਕਾਰ ਸਾਰੀਆਂ ਸਹੂਲਤਾਂ ਦੇ ਰਹੀ ਹੈ ਫਿਰ ਵੀ ਦਿੱਲੀ ਸਿਰ ਕੋਈ ਕਰਜ਼ਾ ਨਹੀਂ। ਉਨ੍ਹਾਂ ਕਿਹਾ ਕਿ ਇੱਥੇ ਕਾਂਗਰਸ ਨੇ ਕੋਈ ਸਕੂਲ ਨਹੀਂ ਬਣਾਏ, ਸਰਕਾਰੀ ਹਸਪਤਾਲਾਂ ਦੀ ਹਾਲਤ ਖਸਤਾ ਹੈ, ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ, ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਹਾਲਤ ਮਾੜੀ ਹੈ ਪਰ ਖਜ਼ਾਨਾ ਖ਼ਾਲੀ ਹੋ ਗਿਆ ਤੇ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਵੀ ਚੜ੍ਹ ਗਿਆ। ਸ੍ਰੀ ਮਾਨ ਕਿਹਾ ਕਿ ਪੰਜਾਬ ਦੀ ਹਾਲਤ ਹੁਣ ਇਹੋ ਜਿਹੀ ਬਣੀ ਹੋਈ ਹੈ ਕਿ ਹਰ ਵਰਗ ਦੇ ਲੋਕ ਧਰਨੇ ’ਤੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਪਹਿਲੇ ਸੌ ਦਿਨਾਂ ਦੀ ਰਿਪੋਰਟ ਰੱਖਦੀਆਂ ਹੁੰਦੀਆਂ ਹਨ, ਪਰ ਕਾਂਗਰਸ ਆਪਣੇ ਆਖਿਰੀ ਸੌ ਦਿਨਾਂ ਦਾ ਹਿਸਾਬ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੰਨੀ ਸਣੇ ਹੋਰ ਬਹੁਤ ਸਾਰੇ ਮੰਤਰੀ ਕੈਪਟਨ ਵੇਲੇ ਵੀ ਸਰਕਾਰ ਵਿੱਚ ਸ਼ਾਮਲ ਸਨ, ਇਸ ਲਈ ਉਹ ਪਿਛਲੇ ਪੌਣੇ ਪੰਜ ਸਾਲਾਂ ਦਾ ਹਿਸਾਬ ਦੇਣ ਤੋਂ ਭੱਜ ਨਹੀਂ ਸਕਦੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਵੀ ਲੋਕਾਂ ਨੂੰ ਲੁੱਟਣ ਦਾ ਹੀ ਕੰਮ ਕੀਤਾ ਸੀ।