ਮੁਹਾਲੀ, 24 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਵਿਧਾਨ ਸਭਾ ਇਲਾਕੇ ਦੇ ਬਲਾਕ ਖਰੜ ਦੇ 35 ਪਿੰਡਾਂ ਦੇ ਵਿਕਾਸ ਲਈ 68 ਕਰੋੜ ਰੁਪਏ ਦੀ ਰਾਸ਼ੀ ਐਲਾਨੀ ਹੈ। ਉਨ੍ਹਾਂ ਨੇ ਇਤਿਹਾਸਕ ਪਿੰਡ ਘੜੂੰਆਂ ਦਾ ਦਰਜਾ ਵਧਾ ਕੇ ਨਗਰ ਪੰਚਾਇਤ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਚੰਨੀ ਨੇ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ 14 ਕਰੋੜ ਦੇ ਚੈੱਕ ਵੀ ਵੰਡੇ ਤੇ 54 ਕਰੋੜ ਦੀ ਗਰਾਂਟ ਜਾਰੀ ਕੀਤੀ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੇਤਰਹੀਣ ਵਿਅਕਤੀਆਂ ਬਾਰੇ ਜਲਦੀ ਹੀ ਸਰਵੇਖਣ ਕਰਵਾਇਆ ਜਾਵੇਗਾ ਤੇ ਜਿਨ੍ਹਾਂ ਵਿਅਕਤੀ ਦੀ ਅੱਖਾਂ ਦੀ ਜੋਤੀ ਵਾਪਸ ਆ ਸਕਦੀ ਹੈ, ਉਨ੍ਹਾਂ ਨੂੰ ਸਭ ਤੋਂ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇਗਾ। -ਪੀਟੀਆਈ