ਰੋਹਿਤ ਗੋਇਲ
ਪੱਖੋ ਕੈਂਚੀਆਂ, 10 ਫਰਵਰੀ
ਹਲਕਾ ਭਦੌੜ ਵਿੱਚ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਵਿੱਚ ਫਸਵੀਂ ਟੱਕਰ ਹੈ। ਇਸ ਵਾਰ ਹਲਕਾ ਭਦੌੜ ਤੋਂ ਭਾਵੇਂ ਕੁੱਲ 13 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਪਰ ਮੁੱਖ ਮੁਕਾਬਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਲਾਭ ਸਿੰਘ ਉਗੋਕੇ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ।
ਕਾਂਗਰਸ ਹਾਈਕਮਾਨ ਵੱਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਬਾਵਜੂਦ ‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ਨੂੰ ਲੋਕਾਂ ਦਾ ਭਰਪੂਰ ਸਮਰਥਨ ਦੇਖਣ ਨੂੰ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਹਲਕਾ ਭਦੌੜ ਨੂੰ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ, ਇੱਥੋਂ ਲਗਾਤਾਰ ਤਿੰਨ ਵਾਰ ਸੰਤ ਬਲਬੀਰ ਸਿੰਘ ਘੁੰਨਸ ਵਿਧਾਇਕ ਚੁਣੇ ਗਏ। ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੇ ਸੰਤ ਬਲਵੀਰ ਸਿੰਘ ਘੁੰਨਸ ਨੂੰ ਹਲਕਾ ਦਿੜਬਾ ਤੋਂ ਉਮੀਦਵਾਰ ਐਲਾਨ ਦਿੱਤਾ, ਜਿੱਥੋਂ ਉਹ ਮੁੜ ਜਿੱਤ ਪ੍ਰਾਪਤ ਕਰਕੇ ਵਿਧਾਇਕ ਚੁਣੇ ਗਏ।
ਇਸ ਉਪਰੰਤ ਅਕਾਲੀ ਦਲ-ਭਾਜਪਾ ਨੇ ਹਲਕਾ ਭਦੌੜ ਤੋਂ ਦਰਬਾਰਾ ਸਿੰਘ ਗੁਰੂ ਨੂੰ ਉਮੀਦਵਾਰ ਐਲਾਨਿਆ, ਜਿਸ ਦੇ ਮੁਕਾਬਲੇ ਕਾਂਗਰਸ ਨੇ ਗਾਇਕ ਮੁਹੰਮਦ ਸਦੀਕ ਨੂੰ ਮੈਦਾਨ ਵਿੱਚ ਉਤਾਰਿਆ, ਜਿਨ੍ਹਾਂ ਨੇ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ। ਇਸ ਮਗਰੋਂ 2017 ਵਿੱਚ ਆਮ ਆਦਮੀ ਪਾਰਟੀ ਨੇ ਪਿਰਮਲ ਸਿੰਘ ਧੌਲਾ ਨੂੰ ਉਮੀਦਵਾਰ ਐਲਾਨਿਆ, ਜਿਨ੍ਹਾਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ। ਇਸ ਉਪਰੰਤ ਪਿਰਮਲ ਸਿੰਘ ਧੌਲਾ, ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਵਿੱਚ ਚਲੇ ਗਏ ਅਤੇ ਮਗਰੋਂ ਉਹ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਤਾਂ ਕਿ ਉਨ੍ਹਾਂ ਨੂੰ ਫਿਰ ਭਦੌੜ ਤੋਂ ਚੋਣ ਲੜਨ ਦਾ ਮੌਕਾ ਮਿਲ ਸਕੇ ਪਰ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਉਣ ਨਾਲ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ, ਜਿਸ ਕਾਰਨ ਉਹ ਨਿਰਾਸ਼ ਜ਼ਰੂਰ ਹਨ।
ਪਿਛਲੇ ਦਿਨੀਂ ਦਰਬਾਰਾ ਸਿੰਘ ਗੁਰੂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ, ਜਿਸ ਨਾਲ ਮੁੱਖ ਮੰਤਰੀ ਨੂੰ ਬਲ ਜ਼ਰੂਰ ਮਿਲੇਗਾ ਪਰ ਨੌਜਵਾਨ ਪੀੜ੍ਹੀ ਦਾ ਝੁਕਾਅ ‘ਆਪ’ ਦੇ ਲਾਭ ਸਿੰਘ ਉੱਗੋਕੇ ਵੱਲ ਵਧੇਰੇ ਹੈ। ਦੂਸਰੇ ਪਾਸੇ ਜੇਕਰ ਸੰਤ ਬਲਬੀਰ ਸਿੰਘ ਘੁੰਨਸ ਹਲਕਾ ਭਦੌੜ ਤੋਂ ਗੈਰ ਹਾਜ਼ਰ ਰਹੇ ਤਾਂ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਸਤਨਾਮ ਸਿੰਘ ਰਾਹੀ ਨੂੰ ਕਾਫੀ ਢਾਹ ਲੱਗੇਗੀ।