ਪੱਤਰ ਪ੍ਰੇਰਕ
ਮਹਿਲ ਕਲਾਂ, 3 ਫਰਵਰੀ
ਸਿੰਘੂ ਅੰਦੋਲਨ ਦੌਰਾਨ ਅੱਜ ਮਹਿਲ ਕਲਾਂ ਨੇੜਲੇ ਪਿੰਡ ਚੰਨਣਵਾਲ ਦੇ ਕਿਸਾਨ ਦੀ ਅਚਾਨਕ ਮੌਤ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦਾ ਬਲਾਕ ਆਗੂ ਜਸਮੇਲ ਸਿੰਘ ਉਰਫ ਜੀਆਰ (50) ਪੁੱਤਰ ਰਣਜੀਤ ਸਿੰਘ ਵਾਸੀ ਚੰਨਣਵਾਲ ਬੀਤੀ 26 ਨਵੰਬਰ ਤੋਂ ਸਿੰਘੂ ਅੰਦੋਲਨ ’ਚ ਸਰਗਰਮ ਸੀ ਤੇ ਅੱਜ ਦੁਪਹਿਰ ਲਗਪਗ 2 ਵਜੇ ਮੁੱਖ ਸਟੇਜ ਕੋਲ ਅਚਾਨਕ ਉਸ ਦੀ ਤਬੀਅਤ ਵਿਗੜ ਗਈ। ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਸੋਨੀਪਤ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਡਾਕਟਰਾਂ ਅਨੁਸਾਰ ਮੌਤ ਦਾ ਕਾਰਨ ਦਿਲ ਦਾ ਦੌਰਾ ਹੋਣ ਦੀ ਸੰਭਾਵਨਾ ਹੈ। ਆਗੂਆਂ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਜਸਮੇਲ ਸਿੰਘ ਦੀ ਦੇਹ ਪੰਜਾਬ ਲਿਆਂਦੀ ਜਾਵੇਗੀ।