ਸੰਜੀਵ ਬੱਬੀ
ਚਮਕੌਰ ਸਾਹਿਬ, 20 ਅਕਤੂਬਰ
ਚਮਕੌਰ ਸਾਹਿਬ ਦੇ ਨੌਜਵਾਨ ਨੇ ਕੈਨੇਡਾ ਵਿੱਚ 10 ਕਿਲੋਮੀਟਰ ਰੇਸ ਵਿੱਚ ਭਾਗ ਲੈ ਕੇ ਵਰਲਡ ਰਿਕਾਰਡ ਕਾਇਮ ਕਰਦਿਆਂ ਆਪਣਾ ਨਾਮ ਗਿੰਨੀਜ਼ ਬੁੱਕ ਵਿੱਚ ਦਰਜ ਕਰਵਾਇਆ। ਸੇਵਾਮੁਕਤ ਅਧਿਆਪਕ ਜੈਪਾਲ ਸਿੰਘ ਰਾਣਾ ਅਤੇ ਸੇਵਾਮੁਕਤ ਅਧਿਆਪਕਾ ਉਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਚੰਦਰਵੀਰ ਸਿੰਘ ਰਾਣਾ ਜੋ ਕਿ ਕੈਨੇਡਾ ਵਿੱਚ ਡਾਕਟਰੀ ਸੇਵਾਵਾਂ ਨਿਭਾਅ ਰਿਹਾ ਹੈ, ਨੇ ਉੱਥੇ 10 ਕਿਲੋਮੀਟਰ ਰੇਸ ਵਿੱਚ ਭਾਗ ਲੈ ਕੇ ਰੇਸ ਨੂੰ 1 ਘੰਟਾ 8 ਮਿੰਟ ਵਿੱਚ ਪੂਰਾ ਕਰਕੇ ਬੈਸਟ ਅਥਲੀਟ ਸੁਪਰ 10 ਵਿੱਚ ਸਥਾਨ ਪ੍ਰਾਪਤ ਕਰਕੇ ਕੈਨੇਡਾ ਦਾ ਹੀ ਨਹੀਂ ਸਗੋਂ ਚਮਕੌਰ ਸਾਹਿਬ ਸਮੇਤ ਭਾਰਤ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਚੰਦਰਵੀਰ ਸਿੰਘ ਰਾਣਾ 2001 ਵਿੱਚ ਪੰਜਾਬ ਦਾ ਬੈਸਟ ਅਥਲੀਟ ਖਿਤਾਬ ਵੀ ਆਪਣੇ ਨਾਮ ਕਰ ਚੁੱਕਾ ਹੈ। ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਚਮਕੌਰ ਸਾਹਿਬ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਉਹ ਇੱਥੇ ਆਉਣ ’ਤੇ ਉਨ੍ਹਾਂ ਦਾ ਸਨਮਾਨ ਵੀ ਕਰਨਗੇ।