ਨਰਿੰਦਰ ਸਿੰਘ
ਭਿੱਖੀਵਿੰਡ, 18 ਅਕਤੂਬਰ
ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਅੱਜ ਸਿੰਘੂ ਮੋਰਚੇ ’ਤੇ ਕਤਲ ਕੀਤੇ ਲਖਬੀਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਹਰ ਤਰ੍ਹਾਂ ਦੀ ਕਾਨੂੰਨੀ ਲੜਾਈ ਲੜਨ ਦੀ ਗੱਲ ਕਰਦੇ ਕਿਹਾ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦ ਲਖਬੀਰ ਸਿੰਘ ਮਰਨ ਕਿਨਾਰੇ ਸੀ ਉਹ ਇਸ ਘਟਨਾ ਦੀ ਸਚਾਈ ਬਿਆਨ ਕਰਨੀ ਚਾਹੁੰਦਾ ਸੀ ਪਰ ਉਸ ਦੀ ਕਿਸੇ ਗੱਲ ਨਹੀਂ ਸੁਣੀ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਪਰਿਵਾਰ ਨੂੰ ਇਕ ਸਰਕਾਰੀ ਨੌਕਰੀ ਅਤੇ ਇਕ ਕਰੋੜ ਮਾਲੀ ਸਹਾਇਤਾ ਦੇਣ ਦੀ ਮੰਗ ਕੀਤੀ। ਲਖਬੀਰ ਸਿੰਘ ਦੀ ਭੈਣ ਰਾਜ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਅੰਤਿਮ ਰਸਮਾਂ ਵੀ ਸਹੀ ਤਰੀਕੇ ਨਾਲ ਪੂਰੀਆਂ ਨਹੀਂ ਕਰਨ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਪਿੰਡ ਛੱਡ ਕੇ ਕਿਤੇ ਨਹੀਂ ਜਾਣਗੇ ਜਿਵੇਂ ਲੋਕ ਅਫਵਾਹਾਂ ਫੈਲਾ ਰਹੇ ਹਨ।
‘ਧਾਰਮਿਕ ਮਰਿਆਦਾ ਮੁਤਾਬਕ ਪਾਇਆ ਜਾਵੇ ਲਖਬੀਰ ਨਮਿਤ ਪਾਠ ਦਾ ਭੋਗ’
ਚੰਡੀਗੜ (ਟ੍ਰਿਬਿਊਨ ਨਿਊਜ਼ ਸਰਵਿਸ): ਕੌਮੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਿੰਘੂ ਬਾਰਡਰ ’ਤੇ ਕਿਸਾਨ ਸੰਗਠਨਾਂ ਦੇ ਅੰਦੋਲਨ ਵਾਲੀ ਥਾਂ ’ਤੇ ਮਾਰੇ ਗਏ ਅਨੁਸੂਚਿਤ ਜਾਤੀ ਦੇ ਲਖਬੀਰ ਸਿੰਘ ਦਾ ਭੋਗ ਤੇ ਅੰਤਿਮ ਅਰਦਾਸ ਸਿੱਖ ਧਰਮ ਮੁਤਾਬਕ ਕਰਵਾਏ ਜਾਣ। ਸਾਂਪਲਾ ਨੇ ਕਿਹਾ, ‘ਤੁਹਾਨੂੰ ਜਾਣਕਾਰੀ ਹੋਵੇਗੀ ਕਿ ਲਖਬੀਰ ਦੇ ਸਸਕਾਰ ’ਤੇ ਕੁਝ ਲੋਕਾਂ ਵੱਲੋਂ ਸਿੱਖ ਮਰਿਆਦਾ ਮੁਤਾਬਕ ਅਰਦਾਸ ਨਹੀਂ ਕਰਨ ਦਿੱਤੀ ਗਈ ਸੀ।’ ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲੀਸ ਦੀ ਪੜਤਾਲ ਵਿੱਚ ਇਹ ਸਾਬਤ ਨਹੀਂ ਹੋ ਜਾਂਦਾ ਕਿ ਲਖਬੀਰ ਨੇ ਬੇਅਦਬੀ ਕੀਤੀ ਹੈ, ਉਦੋ ਤੱਕ ਉਸ ਨੂੰ ਦੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ। ਸਾਂਪਲਾ ਨੇ ਅਪੀਲ ਕੀਤੀ ਹੈ ਕਿ ਲਖਬੀਰ ਸਿੰਘ ਦੀ ਅੰਤਿਮ ਅਰਦਾਸ ਸਿੱਖ ਮਰਿਆਦਾ ਮੁਤਾਬਕ ਕੀਤੇ ਜਾਣ ਦੀ ਆਗਿਆ ਦਿੱਤੀ ਜਾਵੇ।