ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਗਸਤ
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨੇ ਜਾਣ ਵਾਲੇ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਦੇ ਡਾਇਰੈਕਟਰ ਬੀ.ਚੰਦਰ ਸ਼ੇਖਰ ਅਤੇ ਇੰਸਪੈਕਟਰ ਜਨਰਲ ਆਫ਼ ਪੁਲੀਸ ਇੰਟੈਲੀਜੈਂਸ ਜਤਿੰਦਰ ਸਿੰਘ ਔਲਖ, ਜੋ ਹੁਣ ਇੰਟੈਲੀਜੈਂਸ ਵਿੰਗ ਮੁਖੀ ਸ਼ਾਮਲ ਹਨ। ਚੇਤੇ ਰਹੇ ਕਿ ਜਤਿੰਦਰ ਔਲਖ ਦੀ ਬਤੌਰ ਲੁਧਿਆਣਾ ਕਮਿਸ਼ਨਰ ਪੁਲੀਸ ‘ਸਕਿਓਰਿਟੀ ਨੈੱਟ’ ਦੀ ਇਨੋਵੇਸ਼ਨ ਚੋਣ ਕਮਿਸ਼ਨ ਨੇ ਅਡਾਪਟ ਕੀਤੀ ਸੀ, ਜਿਸ ਬਦਲੇ ਉਨ੍ਹਾਂ ਨੂੰ 2018 ਵਿੱਚ ਕੌਮੀ ਐਵਾਰਡ ਦਿੱਤਾ ਗਿਆ ਸੀ। 1997 ਬੈਚ ਦੇ ਆਈਪੀਐੱਸ ਅਧਿਕਾਰੀ ਔਲਖ ਨੇ 32 ਵਰ੍ਹਿਆਂ ਦੀ ਸਰਵਿਸ ਦੌਰਾਨ ਬਤੌਰ ਐੱਸਐੱਸਪੀ ਸੰਗਰੂਰ, ਰੋਪੜ, ਖੰਨਾ ਤੇ ਮੁਹਾਲੀ ਤੋਂ ਇਲਾਵਾ ਪਟਿਆਲਾ ਤੇ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਵਜੋਂ ਵੀ ਡਿਊਟੀ ਨਿਭਾਈ ਹੈ। ਇਸੇ ਤਰ੍ਹਾਂ ਛੇ ਪੀਪੀਐੱਸ ਅਧਿਕਾਰੀਆਂ ਏਆਈਜੀ ਜ਼ੋਨਲ ਸੀਆਈਡੀ ਅੰਮ੍ਰਿਤਸਰ ਵਰਿੰਦਰ ਸਿੰਘ, ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ, ਡੀਐੱਸਪੀ ਆਈਆਰਬੀ ਲੁਧਿਆਣਾ ਦਲਜੀਤ ਸਿੰਘ, ਡੀਐੱਸਪੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਸੰਜੀਵ ਕੁਮਾਰ, ਡੀਐੱਸਪੀ ਪੀਆਰਟੀਸੀ ਜਹਾਨਖੇਲਾਂ ਹਰਜੀਤ ਸਿੰਘ ਅਤੇ ਡੀਐੱਸਪੀ ਸੀਆਈਡੀ ਜਲੰਧਰ ਹਰਭਜਨ ਲਾਲ ਦਾ ਨਾਮ ਉਨ੍ਹਾਂ 14 ਅਧਿਕਾਰੀਆਂ/ ਕਰਮਚਾਰੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੀ ਚੋਣ ਸ਼ਾਨਦਾਰ ਸੇਵਾਵਾਂ ਬਦਲੇ ਪੁਲੀਸ ਮੈਡਲ ਲਈ ਕੀਤੀ ਗਈ ਹੈ। ਬਾਕੀ ਅਧਿਕਾਰੀਆਂ ਵਿੱਚ ਇੰਸਪੈਕਟਰ ਰਾਜ ਕੁਮਾਰ, ਐੱਸਆਈ ਸੰਪੂਰਨ ਸਿੰਘ, ਐੱਸਆਈ ਰਾਜੇਸ਼ ਕੁਮਾਰ, ਐੱਸਆਈ ਰਾਮ ਦਰਸ਼ਨ, ਐੱਸਆਈ ਚੰਦਰ ਪ੍ਰਕਾਸ਼, ਐੱਸਆਈ ਸਕੰਦਰ ਸਿੰਘ, ਏਐੱਸਆਈ ਮਨਜੀਤ ਸਿੰਘ ਅਤੇ ਏਐੱਸਆਈ ਪ੍ਰਿਤਪਾਲ ਸਿੰਘ ਸ਼ਾਮਲ ਹਨ। ਇਸੇ ਦੌਰਾਨ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀ ਜੇਤੂਆਂ ਨੂੰ ਵਧਾਈ ਦਿੱਤੀ ਹੈ।