ਆਤਿਸ਼ ਗੁਪਤਾ
ਚੰਡੀਗੜ੍ਹ, 27 ਨਵੰਬਰ
ਚੰਡੀਗੜ੍ਹ-ਅੰਬਾਲਾ ਰੋਡ ’ਤੇ ਜ਼ੀਰਕਪੁਰ ਅਤੇ ਚੰਡੀਗੜ੍ਹ ਦੀ ਹੱਦ ’ਤੇ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਅੰਡਰਪਾਸ ਕਾਰਨ ਆਵਾਜਾਈ ਦੇ ਰੂਟ ਬਦਲ ਦਿੱਤੇ ਗਏ ਹਨ, ਜਿਸ ਕਾਰਨ ਬਠਿੰਡਾ, ਸਿਰਸਾ ਤੇ ਅੱਗੇ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਤੋਂ ਜ਼ੀਰਕਪੁਰ ਵਾਲੀ ਸੜਕ ਬੰਦ ਹੋਣ ਕਰਕੇ ਇਹ ਬੱਸਾਂ ਸੈਕਟਰ 43 ਬੱਸ ਅੱਡੇ ਤੋਂ ਟ੍ਰਿਬਿਊਨ ਚੌਕ, ਮਨੀਮਾਜਰਾ, ਪੰਚਕੂਲਾ ਤੋਂ ਹੁੰਦੇ ਹੋਏ ਜ਼ੀਰਕਪੁਰ ਪਹੁੰਚ ਰਹੀਆਂ ਹਨ। ਇਸ ਦੌਰਾਨ ਇਕ ਘੰਟੇ ਦਾ ਵਾਧੂ ਸਮਾਂ ਲੱਗਦਾ ਹੈ। ਅੱਗੇ ਆਪਣੀ ਮੰਜ਼ਿਲ ’ਤੇ ਤੈਅ ਸਮੇਂ ’ਤੇ ਨਾ ਪੁੱਜਣ ਕਾਰਨ ਇਸ ਦਾ ਲਾਹਾ ਨਿੱਜੀ ਬੱਸ ਅਪਰੇਟਰ ਲੈ ਰਹੇ ਹਨ। ਇਹ ਬੱਸਾਂ ਜ਼ੀਰਕਪੁਰ, ਰਾਜਪੁਰਾ ਤੇ ਪਟਿਆਲਾ ਵਿਚੋਂ ਨਿੱਜੀ ਬੱਸਾਂ ਸਾਰੀ ਸਵਾਰੀਆਂ ਚੁੱਕਦੇ ਹੋਏ ਸਰਕਾਰੀ ਖਜ਼ਾਨੇ ਨੂੰ ਮੁੜ ਚੂਨਾ ਲਗਾ ਰਹੀਆਂ ਹਨ। ਸਭ ਤੋਂ ਵੱਧ ਨੁਕਸਾਨ ਪੀਆਰਟੀਸੀ ਦੀਆਂ ਲੰਮੇ ਰੂਟਾਂ ਦੀਆਂ ਬੱਸਾਂ ਦਾ ਹੋ ਰਿਹਾ ਹੈ। ਔਰਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਦਾ ਬੱਸ ਸਫਰ ਭਾਵੇਂ ਮੁਫ਼ਤ ਕਰ ਦਿੱਤਾ ਪਰ ਕੁਝ ਦਿਨਾਂ ਤੋਂ ਪੀਆਰਟੀਸੀ ਦੀਆਂ ਬੱਸਾਂ ਵਿੱਚ ਸਫਰ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੀਆਰਟੀਸੀ ਦੇ ਲੰਮੇਂ ਰੂਟਾਂ ਖਾਸ ਤੌਰ ’ਤੇ ਬਠਿੰਡਾ, ਮਾਨਸਾ, ਸਿਰਸਾ ਤੇ ਡੱਬਵਾਲੀ ਜਾਣ ਵਾਲੀਆਂ ਬੱਸਾਂ ਨੂੰ ਸੈਕਟਰ-43 ਬੱਸ ਅੱਡੇ ਤੋਂ ਸੈਕਟਰ-47 ਹੁੰਦਿਆਂ ਏਅਰਪੋਰਟ ਰੋਡ ’ਤੇ ਸਿੱਧੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਨਾਲ ਦੂਰ ਦੁਰਾਡੇ ਦੀਆਂ ਸਵਾਰੀਆਂ ਨੂੰ ਸੌਖਾ ਹੋ ਜਾਵੇਗਾ ਤੇ ਪਟਿਆਲਾ ਜਾਂ ਸੰਗਰੂਰ ਤੱਕ ਜਾਣ ਵਾਲੀਆਂ ਬੱਸਾਂ ਨੂੰ ਚੰਡੀਗੜ੍ਹ ਵਾਇਆ ਪੰਚਕੂਲਾ ਤੋਂ ਜ਼ੀਰਕਪੁਰ ਦੇ ਰੂਟ ਦਿੱਤੇ ਜਾਣ।