ਟ੍ਰਿਬਿਊਨ ਨਿਊਜ਼ ਸਰਵਿਸ
ਮੁਹਾਲੀ, 28 ਮਾਰਚ
ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਚੰਡੀਗੜ੍ਹ-ਸ਼ਾਰਜਾਹ ਉਡਾਣ ਦੋ ਅਪਰੈਲ ਨੂੰ ਮੁੜ ਸ਼ੁਰੂ ਹੋਵੇਗੀ। ਇਹ ਉਡਾਣ ਹਫਤੇ ਵਿਚ ਦੋ ਵਾਰ ਮੰਗਲਵਾਰ ਤੇ ਵੀਰਵਾਰ ਨੂੰ ਚੱਲੇਗੀ ਜੋ ਦੁਪਹਿਰ ਚਾਰ ਵਜ ਕੇ ਦਸ ਮਿੰਟ ’ਤੇ ਇੱਥੇ ਪੁੱਜੇਗੀ ਤੇ ਸ਼ਾਮ ਛੇ ਵਜੇ ਰਵਾਨਾ ਹੋਵੇਗੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਵਾਈ ਅੱਡੇ ਵਿਚ ਗਰਮੀਆਂ ਦਾ ਸ਼ਡਿਊਲ 31 ਮਾਰਚ ਤੋਂ 26 ਅਕਤੂਬਰ ਤਕ ਲਾਗੂ ਰਹੇਗਾ। ਇਹ ਉਡਾਣ ਪਹਿਲਾਂ ਹਫ਼ਤੇ ਵਿਚ ਤਿੰਨ ਦਿਨ ਚੱਲਦੀ ਸੀ ਤੇ ਇਸ ਵਿਚ ਸੀਟਾਂ ਦੀ ਸਮਰੱਥਾ 360 ਯਾਤਰੀ ਸੀ। ਇਸ ਨੂੰ ਸ਼ੁਰੂ ਕਰਨ ਲਈ ਲੋਕਾਂ ਨੇ ਮੰਗ ਕੀਤੀ ਸੀ, ਜਿਸ ਮਗਰੋਂ ਇਹ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ।