ਗੁਰਨਾਮ ਸਿੰਘ ਅਕੀਦਾ
ਪਟਿਆਲਾ, 8 ਜੂਨ
ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਗ੍ਰਿਫ਼ਤਾਰ ਹੋਣ ਮਗਰੋਂ ਚਮਕੌਰ ਸਿੰਘ ਅੱਜ ਵੀ ਕਾਫ਼ੀ ਚਰਚਾ ਵਿੱਚ ਰਿਹਾ। ਉਸ ਨੇ ਬਿਨਾਂ ਕਿਸੇ ਮੰਤਰਾਲੇ ਦੇ ਹੁਕਮਾਂ ਤੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਬਤੌਰ ਓਐੱਸਡੀ ਸਾਢੇ ਚਾਰ ਸਾਲ ਕੰਮ ਕੀਤਾ ਅਤੇ ਆਈਏਐੱਸ ਤੇ ਆਈਐੱਫਐੱਸ ਅਧਿਕਾਰੀਆਂ ’ਤੇ ਆਪਣਾ ਦਬਦਬਾ ਕਾਇਮ ਰੱਖਿਆ। ਪੰਜਾਬ ਵਿੱਚ 2017 ’ਚ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਚਮਕੌਰ ਸਿੰਘ ਭਾਦਸੋਂ ਬੀੜ ਵਿੱਚ ਰੇਂਜ ਅਫ਼ਸਰ ਸੀ। ਇਸੇ ਦੌਰਾਨ ਜੰਗਲਾਤ ਮੰਤਰੀ ਬਣਨ ਸਾਰ ਹੀ ਸਾਧੂ ਸਿੰਘ ਧਰਮਸੋਤ ਨੇ ਚਮਕੌਰ ਸਿੰਘ ਨੂੰ ਆਪਣਾ ਓਐੱਸਡੀ ਲਾ ਲਿਆ। ਜਦੋਂ ਚਮਕੌਰ ਸਿੰਘ ਦੇ ਸਰਕਾਰੀ ਆਰਡਰ ਦੇਖੇ ਗਏ ਤਾਂ ਆਰਡਰਾਂ ਵਿੱਚ ਉਸ ਨੂੰ ਸਾਧੂ ਸਿੰਘ ਧਰਮਸੋਤ ਦਾ ਤਾਲਮੇਲ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਇਹ ਹੁਕਮ ਵੀ ਪੀਸੀਸੀਐੱਫ ਵੱਲੋਂ ਜਾਰੀ ਕੀਤੇ ਗਏ ਸਨ। ਧਰਮਸੋਤ ਸਿਰਫ਼ ਚਮਕੌਰ ਸਿੰਘ ’ਤੇ ਹੀ ਭਰੋਸਾ ਕਰਦੇ ਸਨ। ਉਹ ਜੰਗਲਾਤ ਵਿਭਾਗ ਵਿੱਚ ਹੀ ਨਹੀਂ, ਬਲਕਿ ਕੈਬਨਿਟ ਮੰਤਰੀ ਦੇ ਬਾਕੀ ਵਿਭਾਗਾਂ ਵਿੱਚ ਵੀ ਦਖ਼ਲ ਦਿੰਦਾ ਸੀ। ਚਮਕੌਰ ਸਿੰਘ ਫਰਵਰੀ 2020 ਵਿੱਚ ਸੇਵਾਮੁਕਤ ਹੋ ਗਿਆ ਸੀ, ਪਰ ਸਾਧੂ ਸਿੰਘ ਧਰਮਸੋਤ ਉਸ ਨੂੰ ਆਪਣੇ ਨਾਲੋਂ ਵੱਖ ਨਹੀਂ ਸੀ ਦੇਖਣਾ ਚਾਹੁੰਦੇ। ਉਸ ਦੀ ਸੇਵਾਮੁਕਤੀ ਤੋਂ ਬਾਅਦ ਪੀਸੀਸੀਐੱਫ ਵੱਲੋਂ ਇਕ ਹੋਰ ਆਰਡਰ ਜਾਰੀ ਹੋਇਆ, ਜਿਸ ਵਿੱਚ ਚਮਕੌਰ ਸਿੰਘ ਨੂੰ ਪਟਿਆਲਾ ਦੇ ਡੀਐੱਫਓ (ਜੰਗਲੀ ਜੀਵ) ਦਾ ਤਕਨੀਕੀ ਸਲਾਹਕਾਰ ਨਿਯੁਕਤ ਕੀਤਾ ਗਿਆ।